ਭਾਜਪਾ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਦੇ ਚਿੱਕੜ ’ਚ ਅਪਣਾ 'ਕਮਲ' ਖਿੜਾਇਆ- PM Modi

ਏਜੰਸੀ

ਖ਼ਬਰਾਂ, ਰਾਜਨੀਤੀ

PM Modi ਨੇ ਕਿਹਾ- ਰਾਜਨੀਤੀ ’ਚ ਵੰਸ਼ਵਾਦੀ ਪਰੰਪਰਾ 'ਸਭ ਤੋਂ ਘਾਤਕ', ਭਾਜਪਾ ਨੂੰ ਇਸ ਦੇ ਖਿਲਾਫ਼ ਲਗਾਤਾਰ ਲੜਨਾ ਪਵੇਗਾ

PM Modi

 

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਦੇ ਮੁੱਦੇ 'ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਇਸ 'ਪਰੰਪਰਾ' ਨੂੰ ਲੋਕਤੰਤਰ ਲਈ 'ਸਭ ਤੋਂ ਘਾਤਕ' ਕਰਾਰ ਦਿੰਦੇ ਹੋਏ ਨੇਤਾਵਾਂ ਅਤੇ ਭਾਜਪਾ ਵਰਕਰਾਂ ਨੂੰ ਇਸ ਦੇ ਖਿਲਾਫ "ਨਿਰਭਰ ਸੰਘਰਸ਼" ਕਰਨ ਲਈ ਸੱਦਾ ਦਿੱਤਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਤਿੰਨ ਰੋਜ਼ਾ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਸਿਆਸੀ ਹਿੱਤਾਂ ਲਈ ਤਣਾਅ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੱਭ ਕੇ ਸਮਾਜ ਵਿਚ ਜ਼ਹਿਰ ਬੀਜਣ ਦਾ ਕੰਮ ਕਰ ਰਹੀਆਂ ਹਨ ਅਤੇ ਕਦੀ ਜਾਤ ਤਾਂ ਕਦੀ ਖੇਤਰਵਾਦ ਦੇ ਨਾਮ 'ਤੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੀਆਂ ਹਨ।

PM Modi

ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਵਿਕਾਸ ਨਾਲ ਜੁੜੇ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੁਝ ਪਾਰਟੀਆਂ ਦਾ ‘ਈਕੋਸਿਸਟਮ’ ਪੂਰਾ ਜ਼ੋਰ ਲਗਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੀਆਂ ਪਾਰਟੀਆਂ ਦੇ ਜਾਲ ਵਿਚ ਨਾ ਫਸਣ, ਉਹਨਾਂ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ। ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਵੰਸ਼ਵਾਦ ਅਤੇ ਪਰਿਵਾਰਵਾਦ ਪਾਰਟੀਆਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਪਰਿਵਾਰਵਾਦ ਨੇ ਭ੍ਰਿਸ਼ਟਾਚਾਰ, ਧਾਂਦਲੀ ਅਤੇ ਭਾਈ-ਭਤੀਜਾਵਾਦ ਦੇ ਆਧਾਰ 'ਤੇ ਦੇਸ਼ ਦਾ ਬਹੁਤ ਕੀਮਤੀ ਸਮਾਂ ਬਰਬਾਦ ਕੀਤਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਅੱਜ ਵੀ ਇਹ ਪਰਿਵਾਰਿਕ ਪਾਰਟੀਆਂ ਦੇਸ਼ ਨੂੰ ਪਿੱਛੇ ਖਿੱਚਣ ’ਤੇ ਤੁਰੀਆਂ ਹੋਈਆਂ ਹਨ।

BJP

ਮੋਦੀ ਨੇ ਕਿਹਾ ਕਿ ਦੇਸ਼ 'ਚ ਵਿਕਾਸ ਦੀ ਰਾਜਨੀਤੀ ਸਥਾਪਿਤ ਹੋਣੀ ਚਾਹੀਦੀ ਹੈ। ਪਾਰਟੀ ਕੋਈ ਵੀ ਹੋਵੇ, ਉਸ ਨੂੰ ਵਿਕਾਸ ਦੀ ਰਾਜਨੀਤੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਇਹ ਭਾਜਪਾ ਹੀ ਹੈ, ਜਿਸ ਨੇ ਵਿਕਾਸ ਦੀ ਰਾਜਨੀਤੀ ਨੂੰ ਦੇਸ਼ ਦੀ ਰਾਜਨੀਤੀ ਦੀ ਮੁੱਖ ਧਾਰਾ ਵਿਚ ਲਿਆਂਦਾ ਹੈ। ਕੁਝ ਲੋਕਾਂ ਨੇ ਵਿਕਾਸ ਨੂੰ ਵਿਗਾੜਨ ਵਾਲਾ ਰੂਪ ਵੀ ਦੇ ਦਿੱਤਾ ਹੈ, ਅਜਿਹੇ ਲੋਕ ਜਾਤੀਵਾਦ, ਖੇਤਰਵਾਦ ਅਤੇ ਹੋਰ ਮੁੱਦਿਆਂ ਨੂੰ ਉਭਾਰ ਕੇ ਸਮਾਜ ਵਿਚ ਤਣਾਅ ਲੱਭ ਕੇ ਆਪਣੇ ਸੁਆਰਥ ਦਾ ਸਬੂਤ ਦਿੰਦੇ ਹਨ। ਇਹ ਲੋਕ ਸਮਾਜ ਦੀਆਂ ਕਮਜ਼ੋਰੀਆਂ ਨਾਲ ਖੇਡ ਰਹੇ ਹਨ।

PM Modi

ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਅੱਜ ਭਾਰਤ ਨੂੰ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੀ ਜਨਤਾ ਭਾਜਪਾ ਵੱਲ ਵੱਡੀ ਆਸ ਅਤੇ ਭਰੋਸੇ ਨਾਲ ਦੇਖ ਰਹੀ ਹੈ। ਦੇਸ਼ ਦੇ ਲੋਕਾਂ ਦੀ ਇੱਛਾ ਸਾਡੀ ਜ਼ਿੰਮੇਵਾਰੀ ਨੂੰ ਵਧਾਉਂਦੀ ਹੈ। ਦੇਸ਼ ਆਪਣੇ ਲਈ ਅਗਲੇ 25 ਸਾਲਾਂ ਦਾ ਟੀਚਾ ਮਿੱਥ ਰਿਹਾ ਹੈ, ਭਾਜਪਾ ਨੂੰ ਵੀ ਆਉਣ ਵਾਲੇ ਸਾਲਾਂ ਦਾ ਟੀਚਾ ਤੈਅ ਕਰਨਾ ਚਾਹੀਦਾ ਹੈ। ਦੇਸ਼ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੈ। ਦੇਸ਼ ਸਾਹਮਣੇ ਚੁਣੌਤੀਆਂ ਨੂੰ ਲੋਕਾਂ ਨੇ ਮਿਲ ਕੇ ਹਰਾਉਣਾ ਹੈ।ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਬਚੀ ਸੀ ਅਤੇ ਲੋਕਾਂ ਨੂੰ ਵੀ ਸਰਕਾਰ ਤੋਂ ਉਮੀਦ ਨਹੀਂ ਸੀ।

BJP

2014 ਤੋਂ ਬਾਅਦ ਭਾਜਪਾ ਨੇ ਦੇਸ਼ ਨੂੰ ਨਿਰਾਸ਼ਾ ਤੋਂ ਬਾਹਰ ਕੱਢਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਵਰਕਰ ਹੋਣ ਦੇ ਨਾਤੇ ਸਾਨੂੰ ਸ਼ਾਂਤੀ ਨਾਲ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਦੁਨੀਆਂ ਕਹੇਗੀ ਕਿ 18 ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ, 1300 ਤੋਂ ਵੱਧ ਵਿਧਾਇਕ ਹਨ, 400 ਤੋਂ ਵੱਧ ਸਾਂਸਦ ਹਨ। ਇਹਨਾਂ ਸਫਲਤਾਵਾਂ ਨੂੰ ਦੇਖ ਕੇ ਇਨਸਾਨ ਨੂੰ ਲੱਗੇਗਾ ਕਿ ਬਹੁਤ ਹੋ ਗਿਆ ਪਰ ਜੇਕਰ ਅਸੀਂ ਸੱਤਾ ਦਾ ਆਨੰਦ ਲੈਣਾ ਸੀ ਤਾਂ ਆਰਾਮ ਕਰਨ ਬਾਰੇ ਸੋਚ ਸਕਦੇ ਹਾਂ। ਅਸੀਂ ਇਸ ਰਸਤੇ ਨੂੰ ਸਵੀਕਾਰ ਨਹੀਂ ਕਰਦੇ। ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੀ ਅਸੀਂ ਬੇਚੈਨ, ਬੇਸਬਰੇ, ਉਤਾਵਲੇ ਹਾਂ ਕਿਉਂਕਿ ਸਾਡਾ ਟੀਚਾ ਭਾਰਤ ਨੂੰ ਉਹਨਾਂ ਬੁਲੰਦੀਆਂ 'ਤੇ ਲਿਜਾਣਾ ਹੈ, ਜਿਸ ਦਾ ਸੁਪਨਾ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੇ ਦੇਖਿਆ ਸੀ।