Shiromani Akali Dal News: ਅਕਾਲੀ ਵਿਧਾਇਕ ਇਆਲੀ ਦਾ ਦਾਖਾ ਹਲਕੇ ’ਚ ਬਦਲ ਲੱਭ ਰਹੇ ਸੁਖਬੀਰ ਬਾਦਲ ਨੂੰ ਲੱਗਾ ਝਟਕਾ

ਏਜੰਸੀ

ਖ਼ਬਰਾਂ, ਰਾਜਨੀਤੀ

ਹਲਕੇ ਵਿਚ ਇਆਲੀ ਦੇ ਬਰਾਬਰ ਉਭਾਰਨ ਲਈ ਜਿਹੜੇ ਆਗੂਆਂ ਨਾਲ ਸੰਪਰਕ ਸਾਧਿਆ ਸੀ, ਉਨ੍ਹਾਂ ਆਗੂਆਂ ਨੇ ਅਕਾਲੀ ਦਲ ਨਾਲ ਚਲਣ ਤੋਂ ਸਾਫ਼ ਇਨਕਾਰ ਕਰ ਦਿਤਾ।

Sukhbir Singh Badal

Shiromani Akali Dal News (ਜੋਗਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੋਂ ਚੁੱਪੀ ਵੱਟ ਜਾਣ ਵਾਲੇ ਅਤੇ ਪਾਰਟੀ ਦੇ ਸਿਧਾਂਤ ਅਤੇ ਝੂੰਦਾ ਕਮੇਟੀ ਦੀ ਰੀਪੋਰਟ ਲਾਗੂ ਕਰਨ ਦੇ ਮੁੱਦੇ ’ਤੇ ਸਟੈਂਡ ਲੈਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਦਾਖਾ ਹਲਕੇ ਵਿਚ ਬਦਲ ਲੱਭ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਾ ਤੇ ਉਨ੍ਹਾਂ ਇਸ ਹਲਕੇ ਵਿਚ ਇਆਲੀ ਦੇ ਬਰਾਬਰ ਉਭਾਰਨ ਲਈ ਜਿਹੜੇ ਆਗੂਆਂ ਨਾਲ ਸੰਪਰਕ ਸਾਧਿਆ ਸੀ, ਉਨ੍ਹਾਂ ਆਗੂਆਂ ਨੇ ਅਕਾਲੀ ਦਲ ਨਾਲ ਚਲਣ ਤੋਂ ਸਾਫ਼ ਇਨਕਾਰ ਕਰ ਦਿਤਾ।

ਜ਼ਿਕਰਯੋਗ ਹੈ ਕਿ ਸ. ਬਾਦਲ ਵਲੋਂ ਇਸ ਹਲਕੇ ਤੋਂ ਅਕਾਲੀ ਦਲ ਨੂੰ ਲੰਮਾ ਸਮਾਂ ਪਹਿਲਾਂ ਅਲਵਿਦਾ ਕਹਿ ਚੁੱਕੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਅਤੇ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ ਨਾਲ ਸਿੱਧਾ ਫ਼ੋਨ ’ਤੇ ਸੰਪਰਕ ਕੀਤਾ ਗਿਆ ਸੀ, ਜਿਨ੍ਹਾਂ ਆਗੂਆਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਜਿਸ ਦੀ ਪੁਸ਼ਟੀ ਵੀ ਇਨ੍ਹਾਂ ਆਗੂਆਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੀ ਹੈ। ਦਸਣਯੋਗ ਹੈ ਕਿ ਸ. ਭੈਣੀ ਇਸ ਸਮੇਂ ਕਾਂਗਰਸ ਅਤੇ ਸ. ਆਲੀਵਾਲ ਭਾਜਪਾ ਵਿਚ ਹਨ ਤੇ ਇਨ੍ਹਾਂ ਆਗੂਆਂ ਨੇ ਲੋਕ ਸਭਾ ਚੋਣਾਂ ਵਿਚ ਅਪਣੀਆਂ ਪਾਰਟੀਆਂ ਲਈ ਅਹਿਮ ਭੂਮਿਕਾ ਵੀ ਨਿਭਾਈ ਹੈ।

ਭੈਣੀ ਪ੍ਰਵਾਰ ਦਾ ਜ਼ਿਕਰ ਕਰੀਏ ਤਾਂ ਇਹ ਪ੍ਰਵਾਰ 1999 ਵਿਚ ਅਕਾਲੀ ਦਲ ਨੂੰ ਅਲਵਿਦਾ ਆਖ ਗਿਆ ਸੀ ਤੇ ਆਲੀਵਾਲ, ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਪਹਿਲਾਂ ਕਾਂਗਰਸ ਤੇ ਬਾਅਦ ਵਿਚ ਭਾਜਪਾ ਨਾਲ ਤੁਰ ਪਏ ਸਨ। ਇਸ ਦੀ ਪੁਸ਼ਟੀ ਕਰਦਿਆਂ ਸ. ਭੈਣੀ ਦੇ ਸਪੁੱਤਰ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ ਨੇ ਦਸਿਆ ਕਿ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਦੋ ਵਾਰ ਫ਼ੋਨ ਆਇਆ ਸੀ, ਤੁਸੀਂ ਦਾਖਾ ਹਲਕਾ ਸੰਭਾਲੋ ਤੇ ਅਕਾਲੀ ਦਲ ਲਈ ਕੰਮ ਕਰੋ ਪਰ ਉਨ੍ਹਾਂ ਨੇ ਜਵਾਬ ਦੇ ਦਿਤਾ। ਇਸੇ ਤਰ੍ਹਾਂ ਆਲੀਵਾਲ ਨੇ ਦਸਿਆ ਕਿ ਉਨ੍ਹਾਂ ਨੇ ਵੀ ਸੁਖਬੀਰ ਨੂੰ ਕਿਹਾ ਕਿ ਉਹ ਜਿਸ ਪਾਰਟੀ ਵਿਚ ਹਨ, ਠੀਕ ਹਨ ।

ਦਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਅਕਾਲੀ ਦਲ ਵਿਚ ਉਠੇ ਅੰਦਰੂਨੀ ਵਿਵਾਦ ਵਿਚ ਵਿਧਾਇਕ ਇਆਲੀ, ਢੀਂਡਸਾ ਪ੍ਰਵਾਰ ਤੇ ਹੋਰ ਨੇਤਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਣ ਤੋਂ ਇਨਕਾਰੀ ਹੁੰਦਿਆਂ ਝੂੰਦਾ ਕਮੇਟੀ ਦੀ ਰਿਪੋਰਟ ਅਨੁਸਾਰ ਲੀਡਰਸ਼ਿਪ ਬਦਲਣ ਦੀ ਵੀ ਗੱਲ ਕਰ ਰਹੇ ਹਨ। ਅਕਾਲੀ ਦਲ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਹੀ ਜਿਹੜੇ ਆਗੂਆਂ ਨੂੰ ਪਾਰਟੀ ਤੋਂ ਪਾਸੇ ਕੀਤਾ ਸੀ, ਹੁਣ ਉਨ੍ਹਾਂ ਆਗੂਆਂ ਤਕ ਹੀ ਮੁੜ ਪਹੁੰਚ ਬਣਾਉਣੀ ਪੈ ਰਹੀ ਹੈ ਤੇ ਅੱਗੋਂ ਉਹ ਲੀਡਰ ਸੁਖਬੀਰ ਨੂੰ ਜਵਾਬ ਦੇ ਰਹੇ ਹਨ।