ਖੁਲ੍ਹਾ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ ਸਵੇਰੇ 7 ਵਜੇ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਦਾਖਾ, ਜਲਾਲਾਬਾਦ, ਫਗਵਾੜਾ, ਮੁਕੇਰੀਆਂ ਜ਼ਿਮਨੀ ਚੋਣਾਂ

election campaign closes

ਪੰਜਾਬ ਪੁਲਿਸ ਤੋਂ ਇਲਾਵਾ 17 ਕੰਪਨੀਆਂ ਕੇਂਦਰੀ ਫ਼ੋਰਸ ਤੈਨਾਤ
ਬਾਹਰਲੇ ਮੰਤਰੀ-ਵਿਧਾਇਕ ਤੇ ਹੋਰ ਸਿਆਸੀ ਲੋਕਾਂ ਨੂੰ ਬਾਹਰ ਕਢਿਆ

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪੰਜਾਬ ਵਿਚ ਵਿਧਾਨ ਸਭਾ ਦੇ 4 ਹਲਕੇ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਖੁਲ੍ਹਾ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਗਿਆ ਅਤੇ ਵੋਟਾਂ ਪਰਸੋਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਜਿਸ ਵਾਸਤੇ 5,000 ਤੋਂ ਵੱਧ ਸਿਵਲ ਸਟਾਫ਼ ਅਤੇ ਇੰਨੀ ਹੀ ਪੰਜਾਬ ਪੁਲਿਸ ਸਮੇਤ 17 ਕੰਪਨੀਆਂ ਕੇਂਦਰੀ ਫ਼ੋਰਸ ਦੀਆਂ ਤੈਨਾਤ ਕੀਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਰੋਜ਼ਾਨਾ ਸਪੋਕਸਮਨ ਨੂੰ ਦਸਿਆ ਕਿ ਕੁਲ 920 ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਵੋਟਾਂ ਵਾਲੇ ਦਿਨ ਵੀਡੀਉਗ੍ਰਾਫ਼ੀ ਕਰਵਾਈ ਜਾ ਰਹੀ ਹੈ ਤਾਕਿ ਸ਼ਰਾਰਤੀ ਅਤੇ ਹਿੰਸਕ ਵਾਰਦਾਤ ਕਰਨ ਵਾਲੇ ਅਨਸਰਾਂ 'ਤੇ ਨਜ਼ਰ ਰੱਖੀ ਜਾਵੇ ਅਤੇ ਲੋੜ ਪੈਣ 'ਤੇ ਸੁਰੱਖਿਆ ਅਮਲੇ ਰਾਹੀਂ ਛੇਤੀ ਤੋਂ ਛੇਤੀ ਕੰਟਰੋਲ ਕੀਤਾ ਜਾ ਸਕੇ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕੁਲ 920 ਬੂਥਾਂ ਵਿਚੋਂ 175 ਨੂੰ ਨਾਜ਼ੁਕ ਤੇ ਅਤੀ ਨਾਜ਼ੁਕ ਤੇ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਦਾਖਾ ਤੇ ਜਲਾਲਾਬਾਦ ਹਲਕਿਆਂ ਵਿਚ ਵਾਧੂ ਫ਼ੋਰਸ ਤੈਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੂਥਾਂ 'ਤੇ ਕਬਜ਼ਾ ਕਰਨਾ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਲਈ 'ਬੂਥ ਐਪ ਸਿਸਟਮ' ਅਤੇ ਅੰਦਰ ਤੇ ਬਾਹਰ ਵੋਟਰਾਂ ਦੀਆਂ ਲਾਈਨਾਂ 'ਤੇ ਨਜ਼ਰ ਰੱਖਣ ਵਾਸਤੇ ਹਰ ਇਕ ਮਿੰਟ ਦੀ ਸੂਚਨਾ ਦੇਣ ਵਾਸਤੇ ਸਾਰਾ ਢੰਗ ਬਣਾਇਆ ਗਿਆ ਹੈ। ਫਗਵਾੜਾ ਵਿਚ ਹਰ ਬੂਥ 'ਤੇ ਇਕ ਬੀ.ਐਲ.ਓ. ਹਰ ਸਮੇਂ ਤੈਨਾਤ ਰਹੇਗਾ ਜਿਸ ਦਾ ਸਿੱਧਾ ਲਿੰਕ, ਚੰਡੀਗੜ੍ਹ ਮੁੱਖ ਚੋਣ ਦਫ਼ਤਰ ਨਾਲ ਰਹੇਗਾ।

ਚੋਣ ਪ੍ਰਚਾਰ ਦੌਰਾਨ ਬਾਹਰਲੇ ਮੰਤਰੀ, ਵਿਧਾਇਕ, ਸਿਆਸੀ ਨੇਤਾ, ਵੱਖ-ਵੱਖ ਹਲਕਿਆਂ ਵਿਚ ਜੋ ਆਏ ਸਨ, ਉਨ੍ਹਾਂ ਸਾਰਿਆਂ ਨੂੰ ਹਲਕੇ ਨੂੰ ਛੱਡ ਕੇ ਚਲੇ ਜਾਣ ਨੂੰ ਕਿਹਾ ਹੈ। ਥਾਂ ਥਾਂ ਦੀ ਰੀਪੋਰਟ ਦੇਣ ਵਾਸਤੇ 8 ਸੀਨੀਅਰ ਆਈ.ਏ.ਐਸ. ਅਧਿਕਾਰੀ ਬਤੌਰ ਓਬਜ਼ਰਵਰ, ਇਨ੍ਹਾਂ 4 ਸੀਟਾਂ 'ਤੇ ਬਾਹਰਲੇ ਰਾਜਾਂ ਤੋਂ ਲਗਾਏ ਗਏ ਹਨ। ਵੋਟਾਂ ਸੋਮਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਅਤੇ ਗਿਣਤੀ 24 ਤਰੀਕ ਨੂੰ ਹੋਵੇਗੀ। ਸਾਬਕਾ ਕੈਬਨਿਟ ਮੰਤਰੀ ਡਾ. ਦਿਲਜੀਤ ਸਿੰਘ ਚੀਮਾ, ਸੀਨੀਅਰ ਅਕਾਲੀ ਨੇਤਾ ਦੀ ਅਗਵਾਈ ਵਿਚ ਅੱਜ ਇਕ ਵਫ਼ਦ ਦਾਖਾ ਤੇ ਜਲਾਲਾਬਾਦ ਦੇ ਹਲਕਿਆਂ ਦੀ ਸ਼ਿਕਾਇਤ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ। ਤਿੰਨ ਸਫ਼ਿਆਂ ਦੀ ਸ਼ਿਕਾਇਤ ਵਿਚ ਡਾ. ਚੀਮਾ ਨੇ ਲਿਖਿਆ ਕਿ ਸੈਂਕੜੇ ਲੱਠਮਾਰ, ਬਦਮਾਸ਼, ਸਿਵਲ ਕਪੜਿਆਂ ਵਿਚ ਪੁਲਿਸ ਵਾਲੇ, ਦਾਖਾ ਹਲਕੇ ਵਿਚ ਅਕਾਲੀ ਦਲ ਦੇ ਵਰਕਰਾਂ ਤੇ ਨੇਤਾਵਾਂ ਨੂੰ ਡਰਾਅ ਰਹੇ ਹਨ, ਵੋਟਰਾਂ ਵਿਚ ਦਹਿਸ਼ਤ ਫੈਲਾਅ ਰਹੇ ਹਨ।

 

ਡਾ. ਚੀਮਾ ਨੇ ਦਸਿਆ ਕਿ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਦਾ ਕੰਟਰੋਲ ਢਿੱਲਾ ਹੈ, ਉਨ੍ਹਾਂ ਮੁੱਖ ਚੋਣ ਅਧਿਕਾਰੀ ਤੋਂ ਮੰਗ ਕੀਤੀ ਕਿ ਕਮਾਂਡ, ਕਿਸੇ ਆਈ.ਜੀ. ਪੱਧਰ ਦੇ ਅਧਿਕਾਰੀ ਹਵਾਲੇ ਕੀਤੀ ਜਾਵੇ। ਇਨ੍ਹਾਂ ਬਾਹਰੋਂ ਆਏ ਬਦਮਾਸ਼ਾਂ ਤੇ ਬਾਊਂਸਰਾਂ ਨੂੰ ਗ਼ੈਰ ਕਾਨੂੰਨੀ ਪੁਲਿਸ ਤੇ ਸੁਰੱਖਿਆ ਅਮਲਾ ਕਰਾਰ ਦਿੰਦੇ ਹੋਏ ਡਾ.ਚੀਮਾ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਨ੍ਹਾਂ ਨੂੰ ਦਾਖਾ ਹਲਕੇ ਤੋਂ ਬਾਹਰ ਕਰੇ। ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਡਿਪਟੀ ਕਮਿਸ਼ਨਰਾਂ ਲੁਧਿਆਣਾ, ਕਪੂਰਥਲਾ ਤੇ ਫ਼ਿਰੋਜ਼ਪੁਰ ਸੱਭ ਤੋਂ ਸ਼ਿਕਾਇਤਾਂ ਬਾਰੇ ਰੀਪੋਰਟ ਮੰਗ ਲਈ ਹੈ ਅਤੇ ਲੁਧਿਆਣਾ ਜ਼ਿਲ੍ਹਾ ਜਿਸ ਵਿਚ ਦਾਖਾ ਹਲਕਾ ਪੈਂਦਾ ਹੈ, ਦੇ ਕਾਨੂੰਨ ਵਿਵਸਥਾ ਵਾਸਤੇ ਦਿਹਾਤੀ ਪੁਲਿਸ ਮੁਖੀ ਦੀ ਥਾਂ ਆਈ.ਜੀ. ਕੋਲ ਕੰਟਰੋਲ ਦੇਣ ਬਾਰੇ ਏ.ਡੀ.ਜੀ.ਪੀ. ਨਾਲ ਚਰਚਾ ਤੇ ਸਲਾਹ ਮਸ਼ਵਰਾ ਕੀਤਾ ਹੈ।

ਪ੍ਰੀਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਭਾਰਤੀ ਚੋਣ ਕਮਿਸ਼ਨ ਵਲੋਂ ਪੰਜਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ  ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 22 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਦੇ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਅਪਣੇ ਦਫ਼ਤਰ ਵਿਚ ਰੀਪੋਰਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਗ਼ੈਰ ਹਾਜ਼ਰ ਨਹੀਂ ਮੰਨਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।