ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਚਰਨਜੀਤ ਸਿੰਘ ਚੰਨੀ ’ਤੇ ਵਿੰਨਿਆ ਸਿਆਸੀ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ : ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਨਾਲ ਪਾਰਟੀ ਨੂੰ ਹੋ ਸਕਦਾ ਹੈ ਨੁਕਸਾਨ

Former Punjab Congress President Shamsher Singh Dulon takes political aim at Charanjit Singh Channi

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਬਾਰੇ ਵਿਵਾਦਤ ਬਿਆਨ ਨੇ ਕਾਂਗਰਸ ਪਾਰਟੀ ਵਿੱਚ ਸਿਆਸੀ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਚੰਨੀ ’ਤੇ ਸਖ਼ਤ ਹਮਲਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਹਨ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਦੂਲੋਂ ਨੇ ਇਹ ਵੀ ਕਿਹਾ ਕਿ ਚੰਨੀ ਕਈ ਪਾਰਟੀਆਂ ਬਦਲਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ,ਜਿਸਨੇ ਆਪਣੇ ਰਾਜਨੀਤਿਕ ਕਰੀਅਰ ਵਿੱਚ ਵਾਰ-ਵਾਰ ਪਾਰਟੀਆਂ ਬਦਲੀਆਂ ਹਨ, ਉਹ ਹੁਣ ਵੀ ਕਿਤੇ ਹੋਰ ਜਾ ਸਕਦਾ ਹੈ । ਚੰਨੀ ਗਰਮਖਿਆਲੀਆਂ ਦੀ ਮਦਦ ਕਰਦੇ ਰਹੇ ਹਨ ।  ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨੂੰ ਕਿਸੇ ਲਾਟਰੀ ਦੇ ਨਿਕਲਣ ਦੇ ਬਰਾਬਰ ਦੱਸਦਿਆਂ ਦੂਲੋਂ ਨੇ ਚੰਨੀ ਦੇ ਜਾਤੀਵਾਦੀ ਬਿਆਨ ਨੂੰ ਪਾਰਟੀ ਲਈ ਗੈਰ-ਜ਼ਿੰਮੇਵਾਰਾਨਾ ਦੱਸਿਆ।

ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਪੰਜਾਬ ਵਰਗੇ ਰਾਜ ਵਿੱਚ ਸਿਰਫ਼ ਜਾਤੀਵਾਦ ਦੇ ਆਧਾਰ ’ਤੇ ਸਰਕਾਰ ਨਹੀਂ ਚੱਲ ਸਕਦੀ। ਕਿਸੇ ਵੀ ਤਰ੍ਹਾਂ ਦੀ ਜਾਤੀਵਾਦੀ ਰਾਜਨੀਤੀ ਪੰਜਾਬ ਦੀ ਸਮਾਜਿਕ ਏਕਤਾ ਲਈ ਖ਼ਤਰਨਾਕ ਹੈ । ਕਾਂਗਰਸ ਪਾਰਟੀ ਦੀ ਰੀਤ ਸਾਰੇ ਵਰਗਾਂ, ਜਾਤਾਂ ਅਤੇ ਭਾਈਚਾਰਿਆਂ ਨੂੰ ਸ਼ਾਮਿਲ ਕਰਨ ਦੀ ਰਹੀ ਹੈ, ਪਰ ਚੰਨੀ ਦੇ ਬਿਆਨ ਇਸ ਸਿਧਾਂਤ ਦੇ ਖ਼ਿਲਾਫ ਹਨ। ਦੂਲੋਂ ਨੇ ਇਹ ਵੀ ਕਿਹਾ ਕਿ ਚੰਨੀ ਦਾ ਬਿਆਨ ਪਾਰਟੀ ਵਿਰੋਧੀਆਂ ਲਈ ਇੱਕ ਤਿਆਰ ਮੁੱਦਾ ਬਣ ਗਿਆ ਹੈ । ਇਸ ਸਮੇਂ ਜਦੋਂ ਕਾਂਗਰਸ ਨੂੰ ਜਨਤਕ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਕੇ ਇੱਕਜੁੱਟ ਹੋਣਾ ਚਾਹੀਦਾ ਹੈ, ਚੰਨੀ ਵਰਗੇ ਬਿਆਨ ਦੇ ਕੇ ਅੰਦਰੋਂ ਪਾਰਟੀ ਨੂੰ ਕਮਜ਼ੋਰ ਕਰਦੇ ਹਨ।

ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਦੂਲੋਂ ਨੇ ਸਪੱਸ਼ਟ ਕੀਤਾ ਕਿ ਜੇਕਰ ਅਜਿਹੇ ਆਗੂਆਂ ਨੂੰ ਰੋਕਿਆ ਨਾ ਗਿਆ, ਤਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਅਨੁਸ਼ਾਸਨ ਅਤੇ ਸਿਧਾਂਤਾਂ ਵਾਲੀ ਪਾਰਟੀ ਹੈ ਅਤੇ ਇਸ ਤਰ੍ਹਾਂ ਦੇ ਬਿਆਨ ਪਾਰਟੀ ਦੀ ਸਿਧਾਂਤਕ ਪਛਾਣ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕਾਂਗਰਸ ਨੂੰ ਜਾਤੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿਕਾਸ, ਭਾਈਚਾਰੇ ਅਤੇ ਜਨਤਕ ਭਲਾਈ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਪਾਰਟੀ ਮਜ਼ਬੂਤ ਹੋ ਸਕਦੀ ਹੈ ਅਤੇ ਪੰਜਾਬ ਦੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਰਕਰਾਰ ਰੱਖ ਸਕਦੀ ਹੈ।