ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਲੋਕਾਂ ਕੋਲ ਜਾਵੇਗਾ ਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜੇਗਾ : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ
ਕਿਹਾ : ਅਕਾਲੀ ਅਤੇ ਭਾਜਪਾ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬੇਤੁਕੀ
ਅੰਮ੍ਰਿਤਸਰ : ਹੁਕਮਨਾਮੇ ਤੋਂ ਬਾਅਦ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਅਤੇ ਪੰਜਾਬ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਖੜ੍ਹੀ ਹੋਈ ਪੰਥਕ ਜਮਾਤ ਨੂੰ ਲੈ ਕੇ ਪੰਥਕ ਸਫ਼ਾ ਅਤੇ ਪੰਜਾਬੀਆਂ ਦਰਮਿਆਨ ਵੱਡੀ ਆਸ ਦੀ ਕਿਰਨ ਉੱਠੀ ਸੀ। ਇਸ ਪੰਥਕ ਜਜਬੇ ਨੂੰ ਵੇਖਦੇ ਹੋਏ ਬਹੁਤ ਸਾਰੇ ਬਾਦਲ ਧੜੇ ਦੇ ਆਗੂ ਅਤੇ ਬੀਜੇਪੀ ਦੇ ਕੇਂਦਰੀ ਮੰਤਰੀ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਸਰਨਾ, ਵਿਰਸਾ ਸਿੰਘ ਵਲਟੋਹਾ, ਅਤੇ ਰਵਨੀਤ ਸਿੰਘ ਬਿੱਟੂ ਹਨ ਇਹਨਾਂ ਲੀਡਰਾਂ ਦੀ ਅਖੌਤੀ ਬਿਆਨਬਾਜ਼ੀ ਤੋਂ ਉਨ੍ਹਾਂ ਦੀ ਬੁਖਲਾਹਟ ਨਜ਼ਰ ਆਈ ਇਹ ਬਿਆਨ ਜਾਰੀ ਕਰਦਿਆਂ ਅੱਜ ਗੁਰਪ੍ਰਤਾਪ ਸਿੰਘ ਵਡਾਲਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਹੈ ਕੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਰਪ੍ਰਸਤੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੈ ਨੂੰ ਮਜ਼ਬੂਤੀ ਨਾਲ ਅੱਗੇ ਵੱਧਦੇ ਇਹ ਅਖੌਤੀ ਲੀਡਰ ਨਹੀਂ ਸਹਾਰ ਰਹੇ ਬਾਦਲ ਦਲ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਪਿੱਠ ਦਿਖਾ ਕੇ ਆਪਣੇ ਭਗੋੜੇ ਹੋਣ ਦਾ ਸਬੂਤ ਸਾਰੀ ਦੁਨੀਆ ਵਿੱਚ ਬੈਠੇ ਪੰਥ ਦਰਦੀਆਂ ਦੇ ਸਾਹਮਣੇ ਸਾਬਤ ਕੀਤਾ ਹੈ ਇਹਨਾਂ ਭਗੋੜੇ ਦਲ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਵੀ ਨਾ ਪਰਵਾਹ ਕਰਦੇ ਹੋਏ ਹੁਕਮਨਾਮਿਆਂ ਨੂੰ ਚੈਲੇਂਜ ਕੀਤਾ ਅਤੇ ਆਪਣੀ ਵੱਖਰੀ ਜਾਅਲੀ ਭਰਤੀ ਦਾ ਡਰਾਮਾ ਰਚ ਕੇ ਵੱਖਰਾ ਚੁੱਲਾ ਕਾਇਮ ਰੱਖਿਆ।ਇਹਨਾਂ ਵਿੱਚੋਂ ਕਈ ਲੀਡਰ ਪੰਥਕ ਏਕਤਾ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ 2 ਤਰੀਕ ਦੇ ਹੁਕਮਨਾਮਿਆਂ ਨੇ ਪੰਥਕ ਏਕਤਾ ਦਾ ਰਾਹ ਖੋਲ੍ਹ ਦਿੱਤਾ ਸੀ। ਜਿਹੜੇ ਆਗੂ ਆਪਣੇ ਗੁਨਾਹ ਕਬੂਲ ਕਰਕੇ ਅਤੇ ਬਾਅਦ ਵਿੱਚ ਮੁੱਕਰਦੇ ਦੇਖੇ ਗਏ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ’ਤੇ ਜਾ ਕੇ ਮੁੜ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ ।ਸਾਰਾ ਸਿੱਖ ਜਗਤ ਅਤੇ ਪੰਥ ਦਰਦੀ ਪੰਥ ਵਿੱਚ ਏਕਤਾ ਚਾਹੁੰਦੇ ਹਨ ਲੇਕਿਨ ਏਕਤਾ ਸਿਧਾਂਤਾਂ ’ਤੇ ਪਹਿਰਾ ਦੇ ਕੇ ਅਤੇ ਆਪਣੀਆਂ ਪਰੰਪਰਾਵਾਂ ਰਿਵਾਇਤਾਂ ਨੂੰ ਕਾਇਮ ਰੱਖਦੇ ਹੋਏ ਹੀ ਸੰਭਵ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਰਗੇ ਵਿਦਵਾਨ ਅਤੇ ਬੇਦਾਗ ਸ਼ਖਸੀਅਤ ਉਪਰ ਜਦੋਂ ਉਹ ਜਥੇਦਾਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ ਅਤੇ ਉਸ ਤੋਂ ਬਾਅਦ ਵੀ ਵਰਤਮਾਨ ਸਮੇਂ ਤੱਕ ਉਨ੍ਹਾਂ ਉੱਪਰ ਦੂਸ਼ਣ ਲਗਾਉਂਦੇ ਅਤੇ ਕਿੰਤੂ ਪ੍ਰੰਤੂ ਕਰਦੇ ਆ ਰਹੇ ਹਨ ਇਹਨਾਂ ਆਗੂਆਂ ਦਾ ਇਹ ਅਤਿਨਿੰਦਨ ਯੋਗ ਵਰਤਾਰਾ ਸਿਆਸਤ ਦੇ ਮਿਆਰ ਨੂੰ ਨੀਵੇਂ ਤੋਂ ਨੀਵਾਂ ਲੈ ਗਿਆ ਹੈ ਅਤੇ ਸਿੱਖ ਪੰਥ ਦੀਆਂ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿੱਜੀ ਮੁਫਾਜ ਅਤੇ ਸਿਆਸਤ ਵਾਸਤੇ ਵਰਤ ਕੇ ਉਹਨਾਂ ਸੰਸਥਾਵਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ।
ਬੀਜੇਪੀ ਦੇ ਕੇਂਦਰੀ ਮੰਤਰੀ ਨੂੰ ਭਲੀ ਪ੍ਰਕਾਰ ਇਹ ਜਾਣਕਾਰੀ ਹੈ ਕਿ ਕਿੰਨਾ ਅਕਾਲੀਆਂ ਨੇ ਚਿੱਟੇ ਦਾ ਵਪਾਰ ਕੀਤਾ। ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇੱਕੋ ਹੀ ਨਿਗਾਹ ਨਾਲ ਨਹੀਂ ਦੇਖਿਆ ਜਾ ਸਕਦਾ। ਬੀਜੇਪੀ ਦੇ ਆਗੂਆਂ ਨੂੰ ਇਸ ਗੱਲ ਦੀ ਭਲੀ ਪ੍ਰਕਾਰ ਜਾਣਕਾਰੀ ਹੈ ਕਿ 15 ਸਾਲ ਦੇ ਰਾਜ ਦੌਰਾਨ ਉਨ੍ਹਾਂ ਦੀ ਵੀ ਭਾਈਵਾਲੀ ਸੀ ਅਤੇ ਉਸ ਸਮੇਂ ਵਿੱਚ ਕਿਹੜੇ ਲੀਡਰਾਂ ਦਾ ਨਸ਼ੇ ਦੇ ਧੰਦੇ ਵਿੱਚ ਨਾਮ ਸ਼ਾਮਲ ਸੀ।
ਬੀਜੇਪੀ ਦੇ ਆਗੂਆਂ ਵੱਲੋਂ ਇਸ ਗੱਲ ਦਾ ਸਹਾਰਾ ਲੈਣਾ ਕੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਵਿੱਚ ਬੀਜੇਪੀ ਦੇ ਨਾਲ ਸਮਝੌਤਾ ਹੋਣ ਬਾਰੇ ਕੋਈ ਵੀ ਗੱਲ ਆਖੀ ਗਈ ਹੈ ਤੱਥਾਂ ਤੋਂ ਕੋਹਾਂ ਦੂਰ ਹੈ ਅਤੇ ਇਸ ਵਿੱਚ ਕੋਈ ਵੀ ਸੱਚਾਈ ਨਹੀਂ।
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਹੈ। ਜੋ ਪੰਥਕ ਹਿੱਤਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਸੀ ਅਤੇ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਇਸ ਪਾਰਟੀ ਵਿੱਚ ਆਈ ਗਿਰਾਵਟ ਨੂੰ ਸੋਧਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ। ਜਿਸ ਨੂੰ ਪ੍ਰਵਾਨ ਕਰਦਿਆਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦਾ ਆਦੇਸ਼ ਹੋਇਆ ਸੀ। ਉਹਨਾਂ ਆਦੇਸ਼ਾਂ ਦੀ ਰੋਸ਼ਨੀ ਵਿੱਚ ਹੀ ਇਸ ਅਕਾਲੀ ਦਲ ਨੇ ਵਿਚਰਨਾ ਹੈ। ਕਿਉਂਕਿ ਸਾਡਾ ਮੁੱਖ ਨਿਸ਼ਾਨਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨਾ ਹੈ। ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਨੇ ਅੱਗੇ ਕਿਹਾ ਹੈ ਕੀ ਪਾਰਟੀ ਨੂੰ ਪੁਨਰ ਸੁਰਜੀਤ ਹੋਇਆ ਅਜੇ ਕੁਝ ਮਹੀਨੇ ਹੀ ਹੋਏ ਹਨ। ਇਸ ਲਈ ਸਾਰੇ ਆਗੂ ਸੁਹਿਰਦਤਾ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਲ ਬੈਠਕੇ ਸਲਾਹ ਕਰਦੇ ਰਹਿੰਦੇ ਹਨ। ਪੰਜਾਬ ਦਾ ਰਾਜ ਲੋਕਾਂ ਦੀ ਅਮਾਨਤ ਹੈ ਅਤੇ ਉਹਨਾਂ ਨੇ ਇਹ ਸੇਵਾ ਉਸ ਪਾਰਟੀ ਨੂੰ ਦੇਣੀ ਹੈ ਜੋ ਉਨ੍ਹਾਂ ਦੇ ਭਲੇ ਲਈ ਕੰਮ ਕਰੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਲੋਕਾਂ ਕੋਲ ਜਾਵੇਗਾ, ਅਤੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੇਗਾ ਸਿਆਸਤ ਦੇ ਵਪਾਰੀਕਰਨ ਨੂੰ ਰੋਕਣ ਵਾਸਤੇ ਤਕੜੇ ਹੋ ਕੇ ਲੜਾਈ ਲੜੀ ਜਾਵੇਗੀ। ਪੰਥ ਅਤੇ ਪੰਜਾਬ ਦੀ ਬੇਹਤਰੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਡੱਟ ਕੇ ਪਹਿਰਾ ਦਿੱਤਾ ਜਾਵੇਗਾ।