ਪੰਜਾਬ ਵਿਧਾਨ ਸਭਾ ਚੋਣਾਂ 2022 : 15 ਸਾਲ 'ਚ ਪੰਜਾਬ ਵਿਚ ਹੋਈ ਸਭ ਤੋਂ ਘੱਟ 72 ਫ਼ੀਸਦ ਵੋਟਿੰਗ 

ਏਜੰਸੀ

ਖ਼ਬਰਾਂ, ਰਾਜਨੀਤੀ

ਗਿੱਦੜਬਾਹਾ ਵਿਚ ਸਭ ਤੋਂ ਜ਼ਿਆਦਾ ਅਤੇ ਅੰਮ੍ਰਿਤਸਰ ਪੱਛਮੀ ਵਿਚ ਹੋਈ ਸਭ ਤੋਂ ਘੱਟ ਵੋਟਿੰਗ 

Punjab Assembly Election 2022: Lowest 72% turnout in Punjab in 15 years

ਚੰਡੀਗੜ੍ਹ  : ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ 71.95% ਮਤਦਾਨ ਹੋਇਆ ਹੈ। ਪਿਛਲੀ ਵਾਰ ਪੰਜਾਬ ਵਿੱਚ 77% ਮਤਦਾਨ ਦਰਜ ਕੀਤਾ ਗਿਆ ਸੀ। ਉਸ ਲਿਹਾਜ਼ ਨਾਲ ਇਸ ਵਾਰ ਵੋਟਿੰਗ ਵਿੱਚ 5% ਦੀ ਕਮੀ ਆਈ ਹੈ। 

ਦੱਸ ਦੇਈਏ ਕਿ ਇਹ ਪਿਛਲੇ 15 ਸਾਲਾਂ ਵਿੱਚ ਸਭ ਤੋਂ ਘੱਟ ਮਤਦਾਨ ਹੈ। ਜਿਸ ਕਾਰਨ ਚੋਣ ਹਾਰ ਜਾਂ ਜਿੱਤ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਪੰਜਾਬ ਵਿੱਚ ਵੋਟਾਂ ਦੀ ਗਿਣਤੀ ਹੁਣ 10 ਮਾਰਚ ਨੂੰ ਹੋਵੇਗੀ। ਇਸ ਤੋਂ ਇਲਾਵਾ ਜੇਕਰ ਗੱਲ ਹਲਕਿਆਂ ਦੀ ਕੀਤੀ ਜਾਵੇ ਤਾਂ ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ 'ਤੇ ਸਭ ਤੋਂ ਵੱਧ 84.93 ਫ਼ੀਸਦ ਵੋਟਿੰਗ ਹੋਈ ਹੈ ਅਤੇ ਸਭ ਤੋਂ ਘੱਟ ਅੰਮ੍ਰਿਤਸਰ ਪੱਛਮੀ ਸੀਟ 'ਤੇ ਵੋਟਿੰਗ ਹੋਈ ਜਿੱਥੇ ਮਹਿਜ਼ 55.40% ਵੋਟਰਾਂ ਨੇ ਵੋਟ ਪਾਈ। 

ਖਾਸ ਗੱਲ ਇਹ ਹੈ ਕਿ ਭਾਵੇਂ ਪੰਜਾਬ ਵਿੱਚ ਵੋਟਾਂ ਦਾ ਕੋਈ ਵੱਡਾ ਰੁਝਾਨ ਨਹੀਂ ਹੈ ਪਰ ਹਰ ਕੋਈ ਜਿੱਤ ਦੇ ਦਾਅਵੇ ਕਰ ਰਿਹਾ ਹੈ। ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੇ 111 ਦਿਨਾਂ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਵਿੱਚ ਬਦਲਾਅ ਲਈ ਵੋਟਾਂ ਪਾਈਆਂ ਹਨ।

 ਇਸ ਤਰ੍ਹਾਂ ਹੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਕਲੀਨ ਸਵੀਪ ਦਾ ਦਾਅਵਾ ਕਰਦੇ ਹੋਏ 80 ਤੋਂ ਵੱਧ ਸੀਟਾਂ ਜਿੱਤਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਅਤੇ ਭਾਜਪਾ ਗਠਜੋੜ ਦੀ ਸਥਿਤੀ ਮਜ਼ਬੂਤ ​​ਹੈ। ਪਰ ਇਨ੍ਹਾਂ ਸਾਰੀਆਂ ਕਿਆਸਰਾਈਆਂ ਅਤੇ ਦਾਅਵਿਆਂ ਬਾਰੇ ਸਥਿਤੀ 10 ਮਾਰਚ ਨੂੰ ਸਾਫ਼ ਹੋ ਜਾਵੇਗੀ।