ਬਲਬੀਰ ਸਿੰਘ ਸਿੱਧੂ ਦਾ ਸਿਆਸੀ ਕਦ ਹੋਰ ਉੱਚਾ ਹੋਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੀਆਂ ਹੀ ਦੋ ਚੋਣਾਂ ਹਾਰੇ ਪਰ ਹਿੰਮਤ ਨਹੀਂ ਹਾਰੀ

Balbir Singh Sidhu

 ਮੋਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਦੇ ਐਲਾਨ ਦੇ ਨਾਲ ਹੀ ਉਨ੍ਹਾਂ ਦੇ ਸਮਰਥਕ ਬਾਗ਼ੋ-ਬਾਗ਼ੋ ਹਨ। ਵਿਧਾਇਕ ਸਿੱਧੂ ਦਾ ਸਿਆਸੀ ਕਦ ਇਸ ਇਲਾਕੇ ਵਿਚ ਹੋਰ ਵੱਧ ਗਿਆ ਹੈ। ਮੋਹਾਲੀ ਵਿਚ ਯੂਥ ਕਾਂਗਰਸ ਦੇ ਸੀ. ਮੀਤ ਪ੍ਰਧਾਨ ਦੇ ਅਹੁਦੇ ਨਾਲ ਅਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਸਿਆਸੀ ਕਰੀਅਰ ਭਾਵੇਂ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ ਪਰ ਪਿਛਲੇ ਲਗਭਗ 15 ਸਾਲਾਂ ਤੋਂ ਉਹ ਇਸ ਇਲਾਕੇ ਦੇ ਨਿਰਵਿਰੋਧ ਅਤੇ ਧਾਕੜ ਕਾਂਗਰਸੀ ਆਗੂ ਵਜੋਂ ਸਥਾਪਤ ਹੋਏ ਹਨ।ਬਲਬੀਰ ਸਿੰਘ ਸਿੱਧੂ ਦਾ ਸਿਆਸੀ ਸਫ਼ਰ : ਉਨ੍ਹਾਂ ਨੇ ਮਨਿੰਦਰਪਾਲ ਸਿੰਘ ਬਿੱਟਾ ਦੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਹੋਣ ਸਮੇਂ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ। ਉਸ ਸਮੇਂ ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਮਾਗਮ ਕਰ ਕੇ ਬਿੱਟਾ ਦੀ ਅਗਵਾਈ ਹੇਠ ਸਿੱਧੂ ਨੇ ਅੰਗਹੀਣਾਂ ਨੂੰ ਟਰਾਈਸਾਈਕਲਾਂ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿਤੀਆਂ ਸਨ। 1997 ਦੀਆਂ ਚੋਣਾਂ ਵਿਚ ਖਰੜ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਵਿਚ ਉਹ ਕਾਮਯਾਬ ਰਹੇ। ਇਹ ਚੋਣ ਉਹ ਭਾਵੇਂ ਹਾਰ ਗਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪਿੰਡਾਂ ਵਿਚ ਅਪਣੀ ਪਕੜ ਮਜ਼ਬੂਤ ਕਰਦੇ ਰਹੇ। 2002 ਦੀਆਂ ਚੋਣਾਂ ਵਿਚ ਪਾਰਟੀ ਨੇ ਉਨ੍ਹਾਂ ਦੀ ਥਾਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਟਿਕਟ ਦੇ ਦਿਤੀ। ਇਸ ਚੋਣ ਵਿਚ ਬਲਬੀਰ ਸਿੰਘ ਸਿੱਧੂ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਨਿਤਰੇ ਅਤੇ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਮੁੜ ਚੋਣ ਹਾਰ ਗਏ। 

ਸਿਆਸਤ ਵਿਚ ਇਹ ਉਨ੍ਹਾਂ ਦੀ ਦੂਜੀ ਹਾਰ ਸੀ। ਇਸ ਦੇ ਬਾਵਜੂਦ ਉਹ ਪਹਿਲਾਂ ਵਾਂਗ ਹੀ ਇਲਾਕੇ ਵਿਚ ਸਰਗਰਮ ਰਹੇ। 2006 ਦੀਆਂ ਨਗਰ ਕੌਂਸਲ ਚੋਣਾਂ ਵਿਚ ਮੋਹਾਲੀ ਵਿਚ ਉਨ੍ਹਾਂ ਨੇ ਅਪਣਾ ਪ੍ਰਧਾਨ ਥਾਪਿਆ। ਅਗਲੇ ਹੀ ਸਾਲ 2007 ਵਿਚ ਸਿੱਧੂ ਮੁੜ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਹਲਕਾ ਖਰੜ ਦੀ ਟਿਕਟ ਹਾਸਲ ਕਰਨ ਵਿਚ ਕਾਮਯਾਬ ਰਹੇ। ਇਸ ਵਾਰ ਉਨ੍ਹਾਂ ਨੇ ਸਵ. ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੂੰ ਲਗਭਗ 15 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਅਤੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ।2012 ਵਿਚ ਮੋਹਾਲੀ ਵਿਧਾਨ ਸਭਾ ਹਲਕਾ ਖਰੜ ਤੋਂ ਵਖਰਾ ਕਰ ਦਿਤਾ ਗਿਆ। ਇਸ ਦੌਰਾਨ ਵਿਧਾਇਕ ਸਿੱਧੂ ਦੇ ਲਗਭਗ ਸਾਰੇ ਸਿਆਸੀ ਵਿਰੋਧੀ ਖ਼ਤਮ ਹੋ ਚੁਕੇ ਸਨ ਅਤੇ ਉਨ੍ਹਾਂ ਦਾ ਇਸ ਹਲਕੇ ਵਿਚ ਸਿੱਕਾ ਚਲ ਰਿਹਾ ਸੀ। 2012 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਅਕਾਲੀ ਦਲ ਦੇ ਇਕ ਹੋਰ ਕੱਦਾਵਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ ਨੂੰ ਹਰਾ ਕੇ ਅਪਣਾ ਪਰਚਮ ਲਹਿਰਾਇਆ। 2017 ਦੀਆਂ ਚੋਣਾਂ ਵਿਚ ਸਿੱਧੂ ਨੇ ਅਕਾਲੀ ਦਲ ਦੇ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਮਾਤ ਦੇ ਦਿਤੀ।ਮੋਹਾਲੀ ਜ਼ਿਲ੍ਹੇ ਦੀਆਂ ਤਿੰਨ ਵਿਧਾਨਸਭਾ ਸੀਟਾਂ ਵਿਚੋਂ ਸਿਰਫ ਬਲਬੀਰ ਸਿੰਘ ਸਿੱਧੂ ਹੀ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤੇ ਸਨ ਜਦਕਿ ਖਰੜ ਤੋਂ ਕਾਂਗਰਸ ਦੇ ਕੱਦਾਵਰ ਆਗੂ ਜਗਮੋਹਨ ਸਿੰਘ ਕੰਗ ਅਤੇ ਡੇਰਾਬਸੀ ਹਲਕੇ ਤੋਂ ਦੀਪਿੰਦਰ ਸਿੰਘ ਢਿੱਲੋਂ ਆਪੋ ਅਪਣੀ ਚੋਣ ਹਾਰ ਗਏ ਸਨ।