'ਇਹ ਹੰਕਾਰ ਨਹੀਂ ਸਗੋਂ ਆਤਮਵਿਸ਼ਵਾਸ ਹੈ' : MEA ਅਧਿਕਾਰੀਆਂ ਦੀ ਨਿੰਦਾ ਕਰਨ 'ਤੇ ਐਸ. ਜੈਸ਼ੰਕਰ ਨੇ ਦਿਤਾ ਰਾਹੁਲ ਗਾਂਧੀ ਨੂੰ ਜਵਾਬ
'ਇਸ ਨੂੰ ਹੰਕਾਰ ਨਹੀਂ ਸਗੋਂ ਆਤਮ-ਵਿਸ਼ਵਾਸ ਅਤੇ ਕੌਮੀ ਹਿੱਤਾਂ ਦੀ ਰਾਖੀ ਕਿਹਾ ਜਾਂਦਾ ਹੈ'
ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਬਦਲ ਗਈ ਹੈ ਅਤੇ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹ ਦੂਜਿਆਂ ਦੀਆਂ ਦਲੀਲਾਂ ਦਾ ਵਿਰੋਧ ਕਰਦੇ ਹਨ। ਇਸ ਨੂੰ ਹੰਕਾਰ ਨਹੀਂ ਸਗੋਂ ਆਤਮ-ਵਿਸ਼ਵਾਸ ਅਤੇ ਕੌਮੀ ਹਿੱਤਾਂ ਦੀ ਰਾਖੀ ਕਿਹਾ ਜਾਂਦਾ ਹੈ। ਦਰਅਸਲ, ਰਾਹੁਲ ਗਾਂਧੀ ਨੇ 'ਆਈਡੀਆ ਫਾਰ ਇੰਡੀਆ' ਕਾਨਫਰੰਸ 'ਚ ਬੋਲਦਿਆਂ ਦੋਸ਼ ਲਾਇਆ ਕਿ ਭਾਜਪਾ ਭਾਰਤ 'ਚ ਸੰਸਥਾਵਾਂ 'ਤੇ ਕਬਜ਼ਾ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਵਿਦੇਸ਼ ਸੇਵਾ ਦੀ ਵੀ ਆਲੋਚਨਾ ਕੀਤੀ।
ਕਾਂਗਰਸ ਨੇਤਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜੈਸ਼ੰਕਰ ਨੇ ਟਵੀਟ ਕੀਤਾ ਕਿ ਭਾਰਤੀ ਵਿਦੇਸ਼ ਸੇਵਾ 'ਚ ਬਦਲਾਅ ਆਤਮਵਿਸ਼ਵਾਸ ਦਾ ਪ੍ਰਤੀਬਿੰਬ ਹੈ। ਉਨ੍ਹਾਂ ਲਿਖਿਆ ਕਿ "ਹਾਂ, ਭਾਰਤੀ ਵਿਦੇਸ਼ ਸੇਵਾ ਬਦਲ ਗਈ ਹੈ। ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹ ਦੂਜਿਆਂ ਦੀਆਂ ਦਲੀਲਾਂ ਦਾ ਵਿਰੋਧ ਕਰਦੇ ਹਨ। ਜੈਸ਼ੰਕਰ ਨੇ ਕਿਹਾ ਕਿ ਇਸ ਨੂੰ ਹੰਕਾਰ ਨਹੀਂ ਸਗੋਂ ਆਤਮਵਿਸ਼ਵਾਸ ਕਿਹਾ ਜਾਂਦਾ ਹੈ।"
ਦਰਅਸਲ, ਲੰਡਨ 'ਚ 'ਆਈਡੀਆ ਫਾਰ ਇੰਡੀਆ' ਕਾਨਫਰੰਸ ਦੇ ਸੰਵਾਦ ਸੈਸ਼ਨ 'ਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਕਈ ਮੋਰਚਿਆਂ 'ਤੇ ਫਟਕਾਰ ਲਗਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਭਾਰਤ ਵਿੱਚ ਸੰਸਥਾਵਾਂ ’ਤੇ ਕਬਜ਼ਾ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਵਿਦੇਸ਼ ਸੇਵਾ ਦੀ ਵੀ ਆਲੋਚਨਾ ਕੀਤੀ।
ਗਾਂਧੀ ਨੇ ਭਾਰਤੀ ਵਿਦੇਸ਼ ਸੇਵਾ ਬਾਰੇ ਇਹ ਗੱਲ ਕਹੀ ਤਾਂ ਉਨ੍ਹਾਂ ਕਿਹਾ ਕਿ ਮੈਂ ਯੂਰਪ ਦੇ ਨੌਕਰਸ਼ਾਹਾਂ ਨਾਲ ਗੱਲ ਕਰ ਰਿਹਾ ਸੀ ਅਤੇ ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਹੁਣ ਉਹ ਕੁਝ ਨਹੀਂ ਸੁਣਦੇ। ਉਹ ਹੰਕਾਰੀ ਹੋ ਗਏ ਹਨ। ਹੁਣ ਉਹ ਸਾਨੂੰ ਇਹ ਦੱਸਣ ਕਿ ਉਨ੍ਹਾਂ ਨੂੰ ਕਿਹੜੇ ਆਰਡਰ ਮਿਲ ਰਹੇ ਹਨ। ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੈ। ਤੁਸੀਂ ਇਹ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਲੰਡਨ 'ਚ ਕੈਂਬਰਿਜ ਯੂਨੀਵਰਸਿਟੀ ਦੇ 'ਆਈਡੀਆਜ਼ ਫਾਰ ਇੰਡੀਆ' ਸੰਮੇਲਨ 'ਚ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਭਾਰਤੀ ਜਨਤਾ ਪਾਰਟੀ ਹਮਲਾਵਰ ਬਣ ਗਈ ਹੈ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਪਾਰਟੀ 'ਤੇ ਹਮਲਾ ਬੋਲਿਆ ਹੈ। ਗੌਰਵ ਭਾਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਲੰਡਨ ਵਿਚ ਕੈਂਬਰਿਜ ਯੂਨੀਵਰਸਿਟੀ ਦੇ ਸੈਮੀਨਾਰ ਵਿਚ ਜਾਂਦੇ ਹਨ ਅਤੇ ਉਥੇ ਜਾ ਕੇ ਦੇਸ਼ ਦੇ ਅਕਸ ਨੂੰ ਖਰਾਬ ਕਰਦੇ ਹਨ।
ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਦੀ ਆਦਤ ਬਣ ਗਈ ਹੈ ਕਿ ਉਹ ਪੀਐਮ ਮੋਦੀ ਨੂੰ ਨਫ਼ਰਤ ਕਰਦੇ ਹੋਏ ਭਾਰਤ ਮਾਤਾ ਦੇ ਖਿਲਾਫ ਬਿਆਨ ਦਿੰਦੇ ਹਨ। ਗੌਰਵ ਭਾਟੀਆ ਨੇ ਕਿਹਾ ਕਿ ਤੁਸੀਂ ਭਾਜਪਾ ਦਾ ਵਿਰੋਧ ਕਰ ਸਕਦੇ ਹੋ, ਇਹ ਸਿਹਤਮੰਦ ਰਾਜਨੀਤੀ ਦਾ ਹਿੱਸਾ ਹੈ। ਪਰ ਜੇਕਰ ਤੁਸੀਂ ਸਾਡੇ ਦੇਸ਼ ਨੂੰ ਅਪਸ਼ਬਦ ਕਹੋਗੇ, ਬੇਬੁਨਿਆਦ ਦੋਸ਼ ਲਗਾਓਗੇ ਤਾਂ ਨਾ ਸਿਰਫ਼ ਭਾਜਪਾ ਇਸ ਦਾ ਸਖ਼ਤ ਵਿਰੋਧ ਕਰੇਗੀ, ਸਗੋਂ ਦੇਸ਼ ਦੇ ਲੋਕ ਵੀ ਇਸ ਦਾ ਵਿਰੋਧ ਕਰਨਗੇ।