ਕਾਂਗਰਸ ਦੱਸੇ ਕਿ ਉਹ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰੇਗੀ ਜਾਂ ਨਹੀਂ: ਅਖਿਲੇਸ਼

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਜੇਕਰ ਕਾਂਗਰਸ ਗਠਜੋੜ ਨਹੀਂ ਕਰਨਾ ਚਾਹੁੰਦੀ ਸੀ ਤਾਂ ਤੁਸੀਂ ਸਾਨੂੰ ਇੰਡੀਆ ਗਠਜੋੜ ਦੀ ਬੈਠਕ ਵਿਚ ਕਿਉਂ ਬੁਲਾਇਆ

Akhilesh Yadav.

ਹਰਦੋਈ (ਯੂਪੀ): ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਂਗਰਸ ਨੂੰ ਪੁਛਿਆ ਹੈ ਕਿ ਕੀ ਉਹ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰੇਗੀ ਜਾਂ ਨਹੀਂ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਸਮਾਜਵਾਦੀ ਪਾਰਟੀ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਕਿਉਂਕਿ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਲੜਨ ਵਾਲੀ ਪਹਿਲੀ ਪਾਰਟੀ ਹੈ ਅਤੇ ਜਦੋਂ ਕਾਂਗਰਸ ਨੂੰ ਇਸ ਦੀ ਲੋੜ ਹੋਵੇਗੀ, ਤਾਂ ਸਮਾਜਵਾਦੀ ਪਾਰਟੀ ਇਸ ਲਈ ਲਾਭਦਾਇਕ ਹੋਵੇਗੀ।’’

ਅਖਿਲੇਸ਼ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਨਾ ਬਣਨ ਕਾਰਨ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਰੇੜਕਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ‘ਲੋਕ ਜਾਗਰਣ’ ਮੁਹਿੰਮ ਦੇ ਹਿੱਸੇ ਵਜੋਂ ਹਰਦੋਈ ’ਚ ਵਰਕਰ ਸਿਖਲਾਈ ਕੈਂਪ ’ਚ ਪੁੱਜੇ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਦੱਸਣਾ ਚਾਹੀਦਾ ਸੀ ਕਿ ਅਸੀਂ ਸੂਬਾ ਪੱਧਰ ’ਤੇ ਕੋਈ ਗੱਠਜੋੜ ਨਹੀਂ ਕਰਨਾ ਚਾਹੁੰਦੇ। ਰਾਸ਼ਟਰੀ ਪੱਧਰ ’ਤੇ ਹੋਣ ਵਾਲੀਆਂ ਚੋਣਾਂ ’ਚ ਹੀ ਗਠਜੋੜ ਹੋਵੇਗਾ।’’

ਉਨ੍ਹਾਂ ਕਿਹਾ, ‘‘ਤੁਸੀਂ ਬੁਲਾਇਆ, ਤੁਸੀਂ ਗੱਲ ਕੀਤੀ। ਤੁਸੀਂ (ਕਾਂਗਰਸ) ਸਾਨੂੰ ਸਿੱਧਾ ਕਹਿ ਦਿਓ ਕਿ ਸਾਨੂੰ ਸਮਾਜਵਾਦੀਆਂ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਇਕ ਵਾਰ ਵੀ ਗਠਜੋੜ ਦੀ ਗੱਲ ਨਹੀਂ ਕਰਾਂਗੇ। ਕਾਂਗਰਸ ਵਾਲੇ ਮੈਨੂੰ ਦੱਸਣ ਕਿ ਅਸੀਂ ਸਮਾਜਵਾਦੀ ਪਾਰਟੀ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਸਾਡੇ ਵਿਰੁਧ ਸਾਜ਼ਸ਼ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਸਾਡੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਜੇਕਰ ਉਹ ਗਠਜੋੜ ਬਣਾਉਣਾ ਚਾਹੁੰਦੇ ਹਨ ਤਾਂ ਕਰ ਲੈਣ, ਜੇਕਰ ਨਹੀਂ ਤਾਂ ਸਾਫ਼-ਸਾਫ਼ ਦੱਸ ਦਿਓ, ਤਾਂ ਜੋ ਅਸੀਂ ਖ਼ੁਦ ਨੂੰ ਤਿਆਰ ਕਰ ਸਕੀਏ ਅਤੇ ਭਾਜਪਾ ਨੂੰ ਹਰਾ ਸਕੀਏ।’’

ਯਾਦਵ ਨੇ ਕਿਹਾ, ‘‘ਮੈਂ ਇਕ ਗੱਲ ਪੁੱਛਦਾ ਹਾਂ ਕਿ ਜੇਕਰ ਤੁਸੀਂ ਗਠਜੋੜ ਨਹੀਂ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਸਾਨੂੰ (ਇੰਡੀਆ ਗਠਜੋੜ ਦੀ ਬੈਠਕ ਵਿਚ) ਕਿਉਂ ਬੁਲਾਇਆ। ਕੋਈ ਇਸ ਦਾ ਜਵਾਬ ਜਰੂਰ ਦੇਵੇ।’’ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਪਾ ਮੁਖੀ ਨੇ ਬੀਤੇ ਦਿਨ ਸੰਕੇਤ ਦਿੱਤਾ ਸੀ ਕਿ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ਉਨ੍ਹਾਂ ਦੀ ਪਾਰਟੀ ਤੋਂ ਅਜਿਹਾ ਹੀ ਸਲੂਕ ਮਿਲ ਸਕਦਾ ਹੈ।

ਸਮਾਜਵਾਦੀ ਪਾਰਟੀ ਮੁਖੀ ਦੀ ਨਾਰਾਜ਼ਗੀ ਤੋਂ ਬਾਅਦ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਰਾਏ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ ਕਾਂਗਰਸ ’ਤੇ ਦੋਸ਼ ਨਹੀਂ ਲਗਾ ਸਕਦੀ ਕਿਉਂਕਿ ਉਸ ਨੇ ਕਾਂਗਰਸ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਵੱਖਰੇ ਤੌਰ 'ਤੇ ਚੋਣ ਲੜ ਕੇ ਭਾਜਪਾ ਨੂੰ ਮਜ਼ਬੂਤੀ ਦੇ ਰਹੀ ਹੈ। 

ਸਮਜਵਾਦੀ ਪਾਰਟੀ ਨੇ 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 17 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਹੁਣ ਤਕ 31 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 2018 ਦੀਆਂ ਮੱਧ ਪ੍ਰਦੇਸ਼ ਚੋਣਾਂ ਵਿੱਚ, ਸਪਾ ਨੇ ਕਬਾਇਲੀ ਗੋਂਡਵਾਨਾ ਗਣਤੰਤਰ ਪਾਰਟੀ ਨਾਲ ਗਠਜੋੜ ’ਚ ਇਕ ਸੀਟ (ਬੁੰਦੇਲਖੰਡ ਖੇਤਰ ’ਚ ਬਿਜਾਵਰ) 1.30 ਫ਼ੀ ਸਦੀ ਵੋਟਾਂ ਹਾਸਲ ਕਰ ਕੇ ਜਿੱਤੀ ਅਤੇ ਪੰਜ ’ਤੇ ਦੂਜੇ ਸਥਾਨ ’ਤੇ ਰਹੀ। ਵਿਰੋਧੀ ‘ਇੰਡੀਆ’ ਗਠਜੋੜ ਮੁੱਖ ਤੌਰ 'ਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਵਿਰੁਧ ਇਕਜਟ ਮੋਰਚਾ ਬਣਾਉਣ ਲਈ ਹੋਂਦ ਵਿਚ ਆਇਆ ਸੀ।