ਕਾਂਗਰਸ ਦਾ ਪ੍ਰਧਾਨ ਮੰਤਰੀ ਨੂੰ ਸਵਾਲ: ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੇ ਕੈਗ ਅਫਸਰਾਂ ਦੀ ਬਦਲੀ ਕਿਉਂ ਕੀਤੀ ਗਈ?
ਕਿਹਾ, ‘ਕੈਗ’ ਦਾ ਗਲ ਘੁੱਟ ਰਹੀ ਹੈ ਸਰਕਾਰ, ਖ਼ੁਦਮੁਖਤਿਆਰ ਸੰਸਥਾ ’ਤੇ ‘ਬੁਲਡੋਜ਼ਰ ਚਲਾਉਣ’ ਨੂੰ ਵਿਰੋਧੀ ਧਿਰ ਬਰਦਾਸ਼ਤ ਨਹੀਂ ਕਰੇਗੀ
ਕੈਗ ਦੀ ਰੀਪੋਰਟ ਦੇ ਅਧਾਰ ’ਤੇ, ਰਾਮਲੀਲਾ ਮੈਦਾਨ ’ਚ ਕੁਝ ਠੱਗ ਇਕੱਠੇ ਹੋਏ ਸਨ। ਉਨ੍ਹਾਂ ਦਾ ਉਦੇਸ਼ ਡਾ. ਮਨਮੋਹਨ ਸਿੰਘ ਜੀ ਦੇ ਸਾਫ਼ ਅਕਸ ਨੂੰ ਢਾਹ ਲਾਉਣਾ ਅਤੇ ਯੂ.ਪੀ.ਏ. ਸਰਕਾਰ ਨੂੰ ਬਦਨਾਮ ਕਰਨਾ ਸੀ : ਪਵਨ ਖੇੜਾ
ਨਵੀਂ ਦਿੱਲੀ: ਕਾਂਗਰਸ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਸ ਦੀਆਂ ਯੋਜਨਾਵਾਂ ’ਚ ‘ਘਪਲੇ’ ਨੂੰ ਉਜਾਗਰ ਕਰਨ ਵਾਲੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੇ ਤਿੰਨ ਅਧਿਕਾਰੀਆਂ ਦੀ ਬਦਲੀ ਕਿਉਂ ਕਰ ਦਿਤੀ ਗਈ। ਪਾਰਟੀ ਨੇ ਦੋਸ਼ ਲਾਇਆ ਕਿ ਸਰਕਾਰ ਇਸ ਸੰਸਥਾ ਦਾ ਗਲ ਘੁੱਟ ਰਹੀ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਖ਼ੁਦਮੁਖਤਿਆਰ ਸੰਸਥਾ ’ਤੇ ‘ਬੁਲਡੋਜ਼ਰ ਚਲਾਉਣ’ ਨੂੰ ਵਿਰੋਧੀ ਧਿਰ ਬਰਦਾਸ਼ਤ ਨਹੀਂ ਕਰੇਗੀ। ਫਿਲਹਾਲ ਕਾਂਗਰਸ ਦੇ ਦੋਸ਼ਾਂ ’ਤੇ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਜਿਸ ਕੈਗ ਨੇ ਸਾਲ 2015 ’ਚ 55 ਰੀਪੋਰਟਾਂ ਦਿਤੀਆਂ ਸਨ, ਉਹ 2023 ’ਚ ਬੜੀ ਮੁਸ਼ਕਲ ਨਾਲ ਰੀਪੋਰਟਾਂ ਦੇਣ ਦੇ ਸਮਰੱਥ ਹੈ। ‘ਭਾਰਤਮਾਲਾ’ ਪ੍ਰਾਜੈਕਟ ’ਚ ਇਕ ਰੁਪਏ ਦਾ ਕੰਮ 14 ਰੁਪਏ ’ਚ ਹੋਇਆ। ਇਕ ਕਿਲੋਮੀਟਰ ਸੜਕ ਨੂੰ 4 ਤਰੀਕਿਆਂ ਨਾਲ ਮਾਪ ਕੇ 4 ਕਿਲੋਮੀਟਰ ਦੀ ਸੜਕ ਐਲਾਨ ਕੀਤਾ ਗਿਆ। ਆਯੁਸ਼ਮਾਨ ਸਕੀਮ ਦਾ ਘਪਲਾ ਸਾਹਮਣੇ ਆਇਆ, ਜਿੱਥੇ ਲੱਖਾਂ ਲੋਕ ਇਕੋ ਮੋਬਾਈਲ ਨੰਬਰ ਨਾਲ ਜੁੜੇ ਹੋਏ ਸਨ।’’ ਉਨ੍ਹਾਂ ਨੇ ਵਿਅੰਗਮਈ ਢੰਗ ਨਾਲ ਕਿਹਾ, ‘‘ਕੈਗ ਦੀ ਰੀਪੋਰਟ ’ਤੇ ਰਾਮਲੀਲਾ ਮੈਦਾਨ ’ਚ ਵੀ ਕੋਈ ‘ਹਲਚਲ’ ਨਜ਼ਰ ਨਹੀਂ ਆਈ।’’
ਖੇੜਾ ਨੇ ਦੋਸ਼ ਲਾਇਆ, ‘‘ਭਗਵਾਨ ਰਾਮ ਦੇ ਨਾਂ ’ਤੇ ਵੋਟਾਂ ਲੈਣ ਵਾਲਿਆਂ ਨੇ ਭਗਵਾਨ ਰਾਮ ਦਾ ਘਰ ਵੀ ਨਹੀਂ ਛਡਿਆ। ਭਾਜਪਾ ਨੇ ਠੇਕੇਦਾਰਾਂ ਨਾਲ ਮਿਲ ਕੇ ‘ਅਯੁੱਧਿਆ ਵਿਕਾਸ ਪ੍ਰਾਜੈਕਟ’ ’ਚ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ। ਇਸ ਦੇ ਨਾਲ ਹੀ ਉਡਾਨ, ਰੇਲਵੇ, ਖਾਦੀ ਗ੍ਰਾਮ ਉਦਯੋਗ, ਪੇਂਡੂ ਵਿਕਾਸ ਨੇ ਕਿਸੇ ਨੂੰ ਵੀ ਬਾਹਰ ਨਹੀਂ ਛਡਿਆ। ਭਾਵ... ਖਾਵਾਂਗਾ ਅਤੇ ਖਿਲਾਵਾਂਗਾ, ਜੇ ਤੁਸੀਂ ਦੱਸੋਗੇ ਤਾਂ ਚੁੱਪ ਵੀ ਕਰਾਵਾਂਗਾ।’’
ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੇ ਤਿੰਨ ਕੈਗ ਅਧਿਕਾਰੀਆਂ ਦੀ ਬਦਲੀ ਕਰ ਦਿਤੀ ਗਈ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ, ‘‘ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਗ ਦੇ ਮੁੰਬਈ ਦਫਤਰ ਨੂੰ ਇਕ ਈ-ਮੇਲ ਭੇਜੀ ਗਈ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸਾਰੇ ਆਡਿਟ ਅਤੇ ਫੀਲਡ ਵਰਕ ਨੂੰ ਰੋਕਿਆ ਜਾਵੇ। ਭਾਵ ਮੋਦੀ ਸਰਕਾਰ ਇਸ ਤਰ੍ਹਾਂ ਕੈਗ ਦਾ ਗਲਾ ਘੁੱਟ ਰਹੀ ਹੈ।’’
ਉਨ੍ਹਾਂ ਸਵਾਲ ਕੀਤਾ, ‘‘ਕੈਗ ਨੂੰ ਸਾਰਾ ਫੀਲਡ ਵਰਕ ਬੰਦ ਕਰਨ ਦਾ ਹੁਕਮ ਕਿਸ ਦੇ ਕਹਿਣ ’ਤੇ ਦਿਤਾ ਗਿਆ ਸੀ? ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੇ ਕੈਗ ਅਫਸਰਾਂ ਦੀ ਬਦਲੀ ਕਿਉਂ ਕੀਤੀ ਗਈ? ਕਿਸ ਦੇ ਕਹਿਣ ’ਤੇ ਕੈਗ ਦਾ ਗਲਾ ਘੁੱਟਿਆ ਜਾ ਰਿਹਾ ਹੈ?’’ ਖੇੜਾ ਨੇ ਕਿਹਾ, ‘‘ਜੇਕਰ ਤੁਸੀਂ ਖੁਦਮੁਖਤਿਆਰ ਸੰਸਥਾ ’ਤੇ ਬੁਲਡੋਜ਼ਰ ਦੀ ਵਰਤੋਂ ਕਰਦੇ ਹੋ ਤਾਂ ਵਿਰੋਧੀ ਧਿਰ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।’’ ਉਨ੍ਹਾਂ ਨੇ ਅੰਨਾ ਅੰਦੋਲਨ ਦਾ ਹਵਾਲਾ ਦਿੰਦੇ ਹੋਏ, ਦਾਅਵਾ ਕੀਤਾ, ‘‘ਕੈਗ ਦੀ ਰੀਪੋਰਟ ਦੇ ਅਧਾਰ ’ਤੇ, ਰਾਮਲੀਲਾ ਮੈਦਾਨ ’ਚ ਕੁਝ ਠੱਗ ਇਕੱਠੇ ਹੋਏ ਸਨ। ਉਨ੍ਹਾਂ ਦਾ ਉਦੇਸ਼ ਡਾ. ਮਨਮੋਹਨ ਸਿੰਘ ਜੀ ਦੇ ਸਾਫ਼ ਅਕਸ ਨੂੰ ਢਾਹ ਲਾਉਣਾ ਅਤੇ ਯੂ.ਪੀ.ਏ. ਸਰਕਾਰ ਨੂੰ ਬਦਨਾਮ ਕਰਨਾ ਸੀ।’’