ਜੇਕਰ ਐਮਐਸਪੀ ਖਤਮ ਹੋਈ ਤਾਂ ਛੱਡ ਦਵਾਂਗਾ ਰਾਜਨੀਤੀ- ਮਨੋਹਰ ਲਾਲ ਖੱਟੜ
ਖੱਟੜ ਨੇ ਕਿਹਾ- ਜੇ ਸਰਕਾਰ ਝੁਕੀ ਤਾਂ ਗਲਤ ਦਿਸ਼ਾ ਵਿਚ ਜਾਵੇਗਾ ਦੇਸ਼
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਕੁਝ ਲੋਕ ‘ਸਿਆਸੀ ਕਾਰਣਾਂ’ ਨਾਲ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਖੱਟੜ ਨੇ ਕਿਹਾ ਕਿ ਲੋਕਤੰਤਰਿਕ ਵਿਵਸਥਾ ਵਿਚ ਹਰ ਕਿਸੇ ਨੂੰ ਅਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਪਰ ਸੜਕ ਬੰਦ ਕਰਕੇ ਦਬਾਅ ਬਣਾਉਣ ਲਈ ਕੋਈ ਥਾਂ ਨਹੀਂ ਹੈ।
ਦੱਖਣੀ ਹਰਿਆਣਾ ਦੇ ਨਾਰਨੌਲ ਵਿਚ ‘ਜਲ ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਖੱਟੜ ਨੇ ਕਿਹਾ ਕਿ ਕੇਂਦਰ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਇਸ ਰੈਲੀ ਵਿਚ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਕਈ ਪੜਾਵਾਂ ਵਿਚ ਦੁੱਗਣੀ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ ਇਕ ਪੜਾਅ ਖੇਤੀ ਸੁਧਾਰ ਹਨ।
ਉਹਨਾਂ ਕਿਹਾ, ‘ਕੁਝ ਲੋਕ ਸਿਆਸੀ ਕਾਰਣਾਂ ਦੇ ਚਲਦਿਆਂ ਕਾਨੂੰਨਾਂ ਵਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ ਮੈਂ ਕਿਸਾਨਾਂ ਦੀ ਪ੍ਰਤੀਨਿਧੀ ਨਹੀਂ ਕਹਾਂਗਾ’। ਉਹਨਾਂ ਕਿਹਾ ਵਿਰੋਧ ਦੇ ਕਈ ਤਰੀਕੇ ਹਨ। ਇਹ ਵਿਧਾਨ ਸਭਾ ਵਿਚ ਕੀਤਾ ਜਾ ਸਕਦਾ ਹੈ, ਮੀਡੀਆ ਜ਼ਰੀਏ ਕੀਤਾ ਜਾ ਸਕਦਾ ਹੈ, ਲੋਕਾਂ ਵਿਚ ਜਾ ਕੇ ਕੀਤਾ ਜਾ ਸਕਦਾ ਤੇ ਵੱਡੀਆਂ ਛੋਟੀਆਂ ਰੈਲੀਆਂ ਜ਼ਰੀਏ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ’50-70 ਹਜ਼ਾਰ ਲੋਕ ਇਕੱਠੇ ਹੋ ਜਾਣ ਤੇ ਸੜਕਾਂ ਬੰਦ ਕਰਕੇ ਦਬਾਅ ਬਣਾਇਆ ਜਾਵੇ... ਲੋਕਤੰਤਰ ਅਜਿਹੀਆਂ ਚੀਜ਼ਾਂ ਲਈ ਨਹੀਂ ਹੈ’। ਉਹਨਾਂ ਕਿਹਾ, ‘ਜੇਕਰ ਸਰਕਾਰ ਇਸ ਅੱਗੇ ਝੁਕ ਜਾਂਦੀ ਹੈ ਤਾਂ ਦੇਸ਼ ਗਲਤ ਦਿਸ਼ਾ ਵਿਚ ਜਾਵੇਗਾ। ਬਹੁਤ ਮੁਸ਼ਕਿਲਾਂ ਨਾਲ ਅਸੀਂ ਇਸ ਲੋਕਤੰਤਰ ਨੂੰ ਸਥਾਪਤ ਕੀਤਾ ਹੈ’।
ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਚਾਰ ਹਫ਼ਤਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸੱਤਾਧਾਰੀ ਧਿਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ।