ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਤੋਂ ਸਾਬਕਾ ਵਿਧਾਇਕ, ਸਾਬਕਾ ਮੇਅਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਨੂੰ ਪਾਰਟੀ 'ਚੋਂ ਕੱਢਿਆ ਬਾਹਰ
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਮਦਦ ਕਰਨ ਦੇ ਲੱਗੇ ਇਲਜ਼ਾਮ
ਮੋਗਾ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਈ ਵੱਡੇ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿਤਾ ਹੈ।
ਮੋਗਾ ਵਿਖੇ ਪ੍ਰੈਸ ਮਿਲਣੀ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਥਰ ਸਿੰਘ ਮਾਹਲਾ, ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸ਼ਹਿਰੀ ਮੋਗਾ ਦੇ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ ਨੇ ਦੱਸਿਆ ਕਿ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਮੋਗਾ ਨਿਗਮ ਦੇ ਸਾਬਕਾ ਚੇਅਰਮੈਨ ਅਕਸ਼ਿਤ ਜੈਨ ਅਤੇ ਅਕਾਲੀ ਦਲ ਯੂਥ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਗਟਰਾ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਦਾਇਤ 'ਤੇ ਕੀਤੀ ਗਈ ਹੈ। ਅਕਾਲੀ ਦਲ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਚ ਇਨ੍ਹਾਂ ਸਾਰਿਆਂ ਨੇ ਕਾਂਗਰਸ ਪਾਰਟੀ ਦੀ ਮੱਦਦ ਕੀਤੀ ਹੈ।
ਇੰਨ੍ਹਾ ਹੀ ਨਹੀਂ ਸਗੋਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਕਰਕੇ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਪ੍ਰਗਟ ਸਿੰਘ ਕੋਰੇਵਾਲਾ,ਵੀਰਭਾਨ ਦਾਨਵ ਸਾਬਕਾ ਕੌਂਸਲਰ ਮੋਗਾ ਅਤੇ ਡਾ ਸ਼ਰਨਪ੍ਰੀਤ ਸਿੰਘ ਮਿੱਕੀ ਗਿੱਲ ਨੂੰ ਵੀ ਪਾਰਟੀ ਵਿਚੋਂ ਬਾਹਰ ਕੱਢ ਦਿਤਾ ਹੈ।