ਆਤਿਸ਼ੀ ਨੇ ਦਿੱਲੀ ਦੀ CM ਰੇਖਾ ਗੁਪਤਾ ਨੂੰ ਲਿਖਿਆ ਪੱਤਰ, ਮਿਲਣ ਦਾ ਸਮਾਂ ਮੰਗਿਆ, ਇਸ ਯੋਜਨਾ 'ਤੇ ਉਠਾਏ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਔਰਤਾਂ ਲਈ 2500 ਰੁਪਏ ਪ੍ਰਤੀ ਮਹੀਨਾ ਦੇ ਐਲਾਨ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਹਨ ਆਤਿਸ਼ੀ

Atishi wrote a letter to Delhi Chief Minister Rekha Gupta

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਨਵ-ਨਿਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ, ਉਸ ਨੇ ਮੁੱਖ ਮੰਤਰੀ ਨੂੰ 23 ਫ਼ਰਵਰੀ ਨੂੰ 'ਆਪ' ਵਿਧਾਇਕ ਦਲ ਨਾਲ ਮੁਲਾਕਾਤ ਲਈ ਕਿਹਾ ਹੈ। ਚੋਣ ਵਾਅਦਿਆਂ ਅਨੁਸਾਰ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਸਬੰਧੀ ਸਕੀਮਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਦੇ ਬਾਵਜੂਦ ਪਹਿਲੀ ਕੈਬਨਿਟ ਵਿੱਚ ਇਸ ਸਕੀਮ ਨੂੰ ਪਾਸ ਕਿਉਂ ਨਹੀਂ ਕੀਤਾ ਗਿਆ?

ਆਤਿਸ਼ੀ ਨੇ ਆਪਣੇ ਪੱਤਰ 'ਚ ਲਿਖਿਆ ਕਿ ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਹਾਰਦਿਕ ਵਧਾਈ। ਭਾਰਤੀ ਜਨਤਾ ਪਾਰਟੀ ਦੇ ਸਰਵਉੱਚ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ 31 ਜਨਵਰੀ 2025 ਨੂੰ ਦਵਾਰਕਾ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਦਿੱਲੀ ਦੀਆਂ ਮਾਵਾਂ ਅਤੇ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਯੋਜਨਾ ਪਾਸ ਕੀਤੀ ਜਾਵੇਗੀ।

 

ਉਨ੍ਹਾਂ ਕਿਹਾ ਸੀ- ਇਹ ਮੋਦੀ ਦੀ ਗਾਰੰਟੀ ਹੈ। ਭਾਜਪਾ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 20 ਫ਼ਰਵਰੀ ਨੂੰ ਹੋਈ ਸੀ, ਪਰ ਔਰਤਾਂ ਲਈ 2500 ਰੁਪਏ ਦੀ ਸਕੀਮ ਪਾਸ ਨਹੀਂ ਹੋ ਸਕੀ। ਦਿੱਲੀ ਦੀਆਂ ਮਾਵਾਂ-ਭੈਣਾਂ ਨੇ ਮੋਦੀ ਜੀ ਦੀ ਗਾਰੰਟੀ 'ਤੇ ਵਿਸ਼ਵਾਸ ਕੀਤਾ ਸੀ ਅਤੇ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।

ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਕੱਲ੍ਹ 23 ਫ਼ਰਵਰੀ 2025 ਨੂੰ ਤੁਹਾਨੂੰ ਮਿਲਣਾ ਅਤੇ ਇਸ ਮੁੱਦੇ 'ਤੇ ਚਰਚਾ ਕਰਨਾ ਚਾਹੁੰਦੀ ਹੈ। ਦਿੱਲੀ ਦੀਆਂ ਲੱਖਾਂ ਔਰਤਾਂ ਦੀ ਤਰਫੋਂ, ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਸਾਨੂੰ ਮਿਲਣ ਦਾ ਮੌਕਾ ਦਿਓ, ਤਾਂ ਜੋ ਅਸੀਂ ਇਸ ਯੋਜਨਾ 'ਤੇ ਠੋਸ ਕਾਰਵਾਈ ਲਈ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕੀਏ।