ਕਾਂਗਰਸ ਵਿਧਾਇਕਾਂ ਦਾ ਰਾਜਸਥਾਨ ਵਿਧਾਨ ਸਭਾ ’ਚ ਧਰਨਾ ਦੂਜੇ ਦਿਨ ਵੀ ਜਾਰੀ, ਇੰਦਰਾ ਗਾਂਧੀ ਬਾਰੇ ਮੰਤਰੀ ਦੇ ਦਿਤੇ ਬਿਆਨ ’ਤੇ ਛਿੜਿਆ ਸੀ ਵਿਵਾਦ
ਕਾਂਗਰਸ ਵਿਧਾਇਕਾਂ ਨੇ ਸ਼ੁਕਰਵਾਰ ਦੀ ਸਾਰੀ ਰਾਤ ਉੱਥੇ ਹੀ ਬਿਤਾਈ
ਜੈਪੁਰ : ਰਾਜਸਥਾਨ ’ਚ ਇਕ ਮੰਤਰੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਵਾਲੇ ਨਾਲ ‘ਅਣਉਚਿਤ ਸ਼ਬਦਾਂ’ ਦੀ ਵਰਤੋਂ ਕਰਨ ’ਤੇ ਹੰਗਾਮਾ ਕਰਨ ਵਾਲੇ ਪਾਰਟੀ ਦੇ 6 ਵਿਧਾਇਕਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਕਾਂਗਰਸ ਵਿਧਾਇਕਾਂ ਨੇ ਸਨਿਚਰਵਾਰ ਨੂੰ ਵਿਧਾਨ ਸਭਾ ’ਚ ਅਪਣਾ ਧਰਨਾ ਜਾਰੀ ਰੱਖਿਆ।
ਕਾਂਗਰਸ ਵਿਧਾਇਕਾਂ ਨੇ ਸ਼ੁਕਰਵਾਰ ਦੀ ਰਾਤ ਉੱਥੇ ਬਿਤਾਈ। ਦੂਜੇ ਪਾਸੇ ਪਾਰਟੀ ਵਲੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੁਲੀ ਨੇ ਕਿਹਾ ਕਿ ਤਿੰਨਾਂ ਮੰਤਰੀਆਂ ਨੇ ਸ਼ੁਕਰਵਾਰ ਰਾਤ ਨੂੰ ਸੀਨੀਅਰ ਕਾਂਗਰਸੀ ਵਿਧਾਇਕਾਂ ਨਾਲ ਗੱਲਬਾਤ ਕੀਤੀ ਪਰ ਗੱਲਬਾਤ ਬੇਸਿੱਟਾ ਰਹੀ ਅਤੇ ਧਰਨਾ ਜਾਰੀ ਰਿਹਾ।
ਜੂਲੀ ਨੇ ਸਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਮੰਤਰੀ ਅਪਣੀ ਟਿਪਣੀ ਵਾਪਸ ਲੈਣ। ਅਜਿਹੀਆਂ ਉਦਾਹਰਣਾਂ ਹਨ ਜਦੋਂ ਸਦਨ ਦੀ ਕਾਰਵਾਈ ਤੋਂ ਸ਼ਬਦ ਹਟਾ ਦਿਤੇ ਗਏ ਹਨ, ਪਰ ਸਰਕਾਰ ਖੁਦ ਸਦਨ ਨੂੰ ਚਲਾਉਣਾ ਨਹੀਂ ਚਾਹੁੰਦੀ ਅਤੇ ਇਸ ਲਈ ਇਸ ਨੂੰ ਮੁੱਦਾ ਬਣਾਇਆ ਗਿਆ ਹੈ।’’
ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ 6 ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਮਤਾ ਪਾਸ ਹੋਣ ਤੋਂ ਬਾਅਦ ਪਾਰਟੀ ਵਿਧਾਇਕ ਸਦਨ ’ਚ ਧਰਨਾ ਦੇ ਰਹੇ ਹਨ। ਰਾਜਸਥਾਨ ਦੇ ਸਮਾਜਕ ਨਿਆਂ ਮੰਤਰੀ ਅਵਿਨਾਸ਼ ਗਹਿਲੋਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜ਼ਿਕਰ ਕਰਨ ਲਈ ‘ਅਣਉਚਿਤ’ ਸ਼ਬਦ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਸ਼ੁਕਰਵਾਰ ਨੂੰ ਰਾਜਸਥਾਨ ਵਿਧਾਨ ਸਭਾ ’ਚ ਭਾਰੀ ਹੰਗਾਮਾ ਹੋਇਆ।
ਪ੍ਰਸ਼ਨ ਕਾਲ ਦੌਰਾਨ ਕੰਮਕਾਜੀ ਔਰਤਾਂ ਲਈ ਹੋਸਟਲਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਸੀ, ‘‘2023-24 ਦੇ ਬਜਟ ’ਚ ਵੀ ਹਰ ਵਾਰ ਦੀ ਤਰ੍ਹਾਂ ਤੁਸੀਂ ਇਸ ਯੋਜਨਾ ਦਾ ਨਾਂ ਅਪਣੀ ਦਾਦੀ ਇੰਦਰਾ ਗਾਂਧੀ ਦੇ ਨਾਂ ’ਤੇ ਰੱਖਿਆ ਸੀ।’’ ਇਸ ਕਾਰਨ ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ। ਸ਼ਾਮ ਨੂੰ ਇਕ ਮਤਾ ਪਾਸ ਕੀਤਾ ਗਿਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਸਮੇਤ ਛੇ ਕਾਂਗਰਸੀ ਵਿਧਾਇਕਾਂ ਨੂੰ ‘ਅਸ਼ੋਭਨੀਕ ਅਤੇ ਨਿੰਦਣਯੋਗ ਵਿਵਹਾਰ’ ਲਈ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਜਾਵੇ।
ਸਪੀਕਰ ਵਾਸੂਦੇਵ ਦੇਵਨਾਨੀ ਨੇ ਸਰਕਾਰ ਦੇ ਚੀਫ ਵ੍ਹਿਪ ਜੋਗੇਸ਼ਵਰ ਗਰਗ ਵਲੋਂ ਪੇਸ਼ ਕੀਤੇ ਗਏ ਇਸ ਸਬੰਧ ’ਚ ਮਤਾ ਪਾਸ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 24 ਫ਼ਰਵਰੀ ਤਕ ਮੁਲਤਵੀ ਕਰ ਦਿਤੀ ਗਈ ਅਤੇ ਕਾਂਗਰਸੀ ਵਿਧਾਇਕ ਸਦਨ ’ਚ ਧਰਨੇ ’ਤੇ ਬੈਠ ਗਏ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਸਨਿਚਰਵਾਰ ਨੂੰ ਇਸ ਮੁੱਦੇ ’ਤੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ।
ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਵਰਨਮ ਚਤੁਰਵੇਦੀ ਨੇ ਕਿਹਾ ਕਿ ‘ਭਾਰਤ ਰਤਨ’ ਇੰਦਰਾ ਗਾਂਧੀ ਦਾ ਨਾਮ ਲੈ ਕੇ ਮੰਤਰੀ ਦੀ ਅਪਮਾਨਜਨਕ ਟਿਪਣੀ ਅਤੇ ਵਿਧਾਨ ਸਭਾ ਤੋਂ ਛੇ ਵਿਧਾਇਕਾਂ ਨੂੰ ਮੁਅੱਤਲ ਕਰਨ ਦੇ ਵਿਰੋਧ ’ਚ ਜ਼ਿਲ੍ਹਾ ਕਾਂਗਰਸ ਕਮੇਟੀਆਂ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲਿਆ।
ਉਨ੍ਹਾਂ ਕਿਹਾ, ‘‘ਮੰਤਰੀ ਦੀ ਟਿਪਣੀ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਮਨ ’ਚ ਇੰਦਰਾ ਗਾਂਧੀ ਵਰਗੇ ਮਹਾਨ ਨੇਤਾ ਦਾ ਕੋਈ ਸਤਿਕਾਰ ਨਹੀਂ ਹੈ। ਅਜਿਹੀਆਂ ਟਿਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਛੇ ਵਿਧਾਇਕਾਂ ਨੂੰ ਮੁਅੱਤਲ ਕਰਨਾ ਸਰਕਾਰ ਦਾ ਮਨਮਰਜ਼ੀ ਵਾਲਾ ਕਦਮ ਹੈ।’’ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਮੰਤਰੀ ਦਾ ਪੁਤਲਾ ਸਾੜਿਆ। ਸੀਕਰ ’ਚ ਪਾਰਟੀ ਵਰਕਰਾਂ ਨੇ ਡਾਕ ਬੰਗਲੇ ਤੋਂ ਕਲੈਕਟਰੇਟ ਤਕ ਰੋਸ ਰੈਲੀ ਕੱਢੀ ਅਤੇ ਕਲੈਕਟਰੇਟ ਕੰਪਲੈਕਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ।