ਪ੍ਰਧਾਨ ਮੰਤਰੀ ਕੋਲ ਹੋਈ ਸੁਖਬੀਰ ਦੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਸਰਕਾਰ ਵਿਰੁਧ ਕੀਤੀ ਗਈ 'ਢੋਲ ਵਜਾਉ ਪੋਲ ਖੋਲ੍ਹੋ' ਰੈਲੀ

Sukhbir Badal

ਬੀਤੇ ਦਿਨ ਭਾਰਤੀ ਜਨਤਾ ਪਾਰਟੀ ਵਲੋਂ ਸਥਾਨਕ ਸ਼ਹਿਰ ਵਿਚ ਪੰਜਾਬ ਸਰਕਾਰ ਵਿਰੁਧ ਕੀਤੀ ਗਈ 'ਢੋਲ ਵਜਾਉ ਪੋਲ ਖੋਲ੍ਹੋ' ਰੈਲੀ ਵਿਚ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਸ਼ਨ ਵਿਚ ਬੋਲੇ ਕੁਝ ਲਫ਼ਜ਼ਾਂ 'ਤੇ ਵੱਡਾ ਵਿਵਾਦ ਖੜਾ ਹੋ ਗਿਆ ਹੈ ਜਿਸ ਦੇ ਵਿਰੁਧ ਕਾਂਗਰਸੀ ਆਗੂ ਹਿਮਾਂਸ਼ੂ ਪਾਠਕ ਵਲੋਂ ਕਮਿਸ਼ਨਰ ਅਤੇ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਸ਼ਿਕਾਇਤਾਂ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਿਮਾਂਸ਼ੂ ਪਾਠਕ ਵਲੋਂ ਦਿਤੀ ਸ਼ਿਕਾਇਤ ਵਿਚ ਦਸਿਆ ਗਿਆ ਹੈ ਕਿ ਰੈਲੀ ਵਿਚ ਸੁਖਬੀਰ ਬਾਦਲ ਵਲੋਂ ਅਪਣੇ ਸੰਬੋਧਨ ਦੌਰਾਨ ਕਿਹਾ ਗਿਆ 'ਹਿੰਦੋਸਤਾਨ ਰਹੇ ਨਾ ਰਹੇ ਅਸੀਂ (ਅਕਾਲੀ ਦਲ-ਭਾਜਪਾ ਨੇ) ਇਕੱਠੇ ਰਹਿਣੈ'। ਹਿਮਾਂਸ਼ੂ ਨੇ ਸ਼ਿਕਾਇਤ ਵਿਚ ਦਸਿਆ ਕਿ ਰੈਲੀ ਵਿਚ ਇਸ ਮੌਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ ਜਿਨ੍ਹਾਂ ਵਿਚੋਂ ਕਈਆਂ ਨੇ ਸੁਣਿਆ ਪਰ ਕੋਈ ਪ੍ਰਤੀਕਿਰਿਆ ਨਹੀਂ ਕੀਤੀ। 

ਅਜਿਹੇ ਲਫਜ਼ਾਂ ਨੇ ਉਸ ਦੇ ਜਜ਼ਬਾਤਾਂ ਨੂੰ ਬੇਹੱਦ ਠੇਸ ਲਗਾਈ ਹੈ। ਹਿਮਾਂਸ਼ੂ ਨੇ ਅਪਣੀ ਸ਼ਿਕਾਇਤ ਵਿਚ ਸੁਖਬੀਰ ਬਾਦਲ ਵਿਰੁਧ 124 ਏ ਅਤੇ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਏ। ਉਨ੍ਹਾਂ ਕਿਹਾ ਕਿ ਸਬੂਤ ਵਜੋਂ ਜੇਕਰ ਪੁਲਿਸ ਨੂੰ ਲੋੜ ਹੋਵੇ ਤਾਂ ਉਹ ਇਸ ਦੀ ਵੀਡੀਉ ਵੀ ਪੇਸ਼ ਕਰ ਸਕਦੇ ਹਨ। ਹਿਮਾਂਸ਼ੂ ਨੇ ਕਿਹਾ ਕਿ ਉਕਤ ਰੈਲੀ ਵਿਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ ਅਤੇ ਇਹੋ ਜਿਹੇ ਬਿਆਨਾਂ ਨਾਲ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਹੌਸਲਾ ਮਿਲ ਸਕਦਾ ਹੈ। ਕਾਂਗਰਸ ਦੇ ਉਪ ਪ੍ਰਧਾਨ ਤੇ ਬੁਲਾਰੇ ਹਿਮਾਂਸ਼ੂ ਪਾਠਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਅਜਿਹੀ ਚਿੱਠੀ ਵਿਚ ਵਿਦਿਆਰਥੀ ਕਨਈਆ ਕੁਮਾਰ ਦੀ ਵੀ ਮਿਸਾਲ ਦਿਤੀ ਹੈ।