ਸਿੱਖ ਸਿਰਫ਼ ਪੰਜਾਬ ਦਾ ਹੀ ਨਹੀਂ ਦੇਸ਼ ਦਾ ਗੌਰਵ ਹਨ ਪਰ ਕੁੱਝ ਤਾਕਤਾਂ ਸਿੱਖਾਂ ਦੇ ਅਕਸ ਨੂੰ ਦਾਗ਼ਦਾਰ ਕਰ ਰਹੀਆਂ : ਅਸ਼ਵਨੀ ਸ਼ਰਮਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ - ਇਹ ਨੁਕਤਾਚੀਨੀ ਦਾ ਸਮਾਂ ਨਹੀਂ ਹੈ ਸਗੋਂ ਸਿਆਸਤ ਛੱਡ ਇਕਜੁਟ ਹੋਣ ਦੀ ਲੋੜ

Ashvani Sharma

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਨਸ਼ੇ ਸਮੇਤ ਕਈ ਅਹਿਮ ਮਸਲੇ ਵਿਚਾਰੇ ਗਏ। ਇਸ ਬਾਰੇ ਗਲਬਾਤ ਕਰਦਿਆਂ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਸਾਨੂੰ ਕਾਨੂੰਨ 'ਤੇ ਸਵਾਲ ਨਹੀਂ ਚੁੱਕਣੇ ਚਾਹੀਦੇ। ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਵੱਡਾ ਹੈ ਅਤੇ ਇਹ ਸਾਡੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਪੰਜਾਬ ਦੀ ਜਵਾਨੀ ਇਸ ਵਿਚ ਗਰਕ ਹੁੰਦੀ ਜਾ ਰਹੀ ਹੈ। ਇਸ ਲਈ ਸਾਨੂੰ ਇਸ ਮੁੱਦੇ 'ਤੇ ਸਦਨ ਵਿਚ ਸਾਰਥਕ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਹੱਲ੍ਹ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਸੁਝਾਅ ਦੇਣੇ ਚਾਹੀਦੇ ਹਨ ਕਿ ਇਸ ਦਲਦਲ ਵਿਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ।

ਕਾਂਗਰਸ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਕਰ ਕੇ ਹੀ ਉਨ੍ਹਾਂ ਦੀ ਇਹ ਦਸ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਗੌਰਵ ਹਨ ਪਰ ਕੁੱਝ ਤਾਕਤਾਂ ਅਜਿਹੀਆਂ ਹਨ ਜੋ ਸਿੱਖਾਂ ਦੇ ਅਕਸ ਨੂੰ ਦਾਗ਼ਦਾਰ ਕਰਨ ਵਿਚ ਲੱਗੀਆਂ ਹੋਈਆਂ ਹਨ। ਅਜਿਹੀਆਂ ਸ਼ਕਤੀਆਂ ਵਿਰੁੱਧ ਰਾਜਨੀਤੀ ਤੋਂ ਉਪਰ ਉੱਠ ਕੇ ਇਕਜੁਟ ਹੋ ਕੇ ਲੜਨਾ ਚਾਹੀਦਾ ਹੈ।

ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੁੱਝ ਮੁੱਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਿਆਸਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਵੀ ਜਤਾਏ ਜਾ ਰਹੇ ਹਨ ਪਰ ਇਸ ਵਕਤ ਸਾਨੂੰ ਬੇਵਜ੍ਹਾ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਪੰਜਾਬ ਦੀ ਅਮਨ ਸ਼ਾਂਤੀ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਸ ਵਕਤ ਇਕਜੁਟਤਾ ਦਿਖਾਉਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਵੀ ਤਾਕਤਾਂ ਪੰਜਾਬ ਦੀ ਅਮਨ ਖੁਸ਼ਹਾਲੀ ਨੂੰ ਲਾਂਬੂ ਲਗਾਉਣਾ ਚਾਹੁੰਦੀਆਂ ਹਨ ਉਨ੍ਹਾਂ ਵਿਰੁੱਧ ਰਾਜਨੀਤਿਕ ਵਿਚਾਰ ਛੱਡ ਕੇ ਅਤੇ ਇਕ ਹੋ ਕੇ ਲੜਨ ਦੀ ਲੋੜ ਹੈ।