ਸੰਗਰੂਰ ਜ਼ਿਮਨੀ ਚੋਣ : ਪੰਜਾਬ ਦੇ ਇਨ੍ਹਾਂ MPs ਨੇ ਚੋਣ ਪ੍ਰਚਾਰ ਤੋਂ ਬਣਾਈ ਰੱਖੀ ਦੂਰੀ 

ਏਜੰਸੀ

ਖ਼ਬਰਾਂ, ਰਾਜਨੀਤੀ

ਵੱਖ-ਵੱਖ ਕਾਰਨਾਂ ਕਰਕੇ ਨਹੀਂ ਹੋਏ ਚੋਣ ਪ੍ਰਚਾਰ 'ਚ ਸ਼ਾਮਲ 

Sangruru Bypoll

ਲੁਧਿਆਣਾ  : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਲਈ ਭਲਕੇ ਯਾਨੀ 23 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਸੀਟ 'ਤੇ ਕਾਬਜ ਹੋਣ ਲਈ ਸਾਰੀਆਂ ਪਾਰਟੀਆਂ ਦੇ ਵੱਡੇ-ਛੋਟੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ ਹੈ।

ਪਰ ਇਥੇ ਹੀ ਕਈ ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਅਤੇ ਕਿਸੇ ਵੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਨਹੀਂ ਕੀਤਾ। ਜੀ ਹਾਂ, ਇਹ ਸਿਆਸੀ ਆਗੂ ਪੰਜਾਬ ਦੇ ਛੇ ਸਾਂਸਦ ਹਨ ਜਿਨ੍ਹਾਂ ਨੇ ਚੋਣ ਪ੍ਰਚਾਰ ਵਿਚ ਬਿਲਕੁਲ ਵੀ ਹਿੱਸਾ ਨਹੀਂ ਲਿਆ।

ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਸੰਸਦ ਮੈਂਬਰਾਂ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਨ੍ਹਾਂ 'ਚ ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾੜੀ, ਪਰਨੀਤ ਕੌਰ, ਹਰਸਿਮਰਤ ਕੌਰ ਬਾਦਲ, ਸੰਨੀ ਦਿਓਲ ਅਤੇ ਸੰਤੋਸ਼ ਚੌਧਰੀ ਹਨ। ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਵਿਦੇਸ਼ 'ਚ ਸਨ ਅਤੇ ਮਨੀਸ਼ ਤਿਵਾੜੀ ਕੋਵਿਡ ਤੋਂ ਪ੍ਰਭਾਵਿਤ ਹੋਣ ਕਾਰਨ ਚੋਣ ਪ੍ਰਚਾਰ ਵਿਚ ਹਿੱਸਾ ਨਾ ਲੈ ਸਕੇ।

ਇਸ ਤੋਂ ਇਲਾਵਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਨਾ ਤਾਂ ਆਪਣੀ ਪਾਰਟੀ ਯਾਨੀ ਕਾਂਗਰਸ ਲਈ ਅਤੇ ਨਾ ਹੀ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗਠਜੋੜ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਦੇ ਹੱਕ 'ਚ  ਪ੍ਰਚਾਰ ਕੀਤਾ। ਇਸੇ ਤਰ੍ਹਾਂ ਸੁਖਬੀਰ ਬਾਦਲ ਵੱਲੋਂ ਕਈ ਦਿਨਾਂ ਤੱਕ ਸੰਗਰੂਰ 'ਚ ਰਹਿਣ ਦੇ ਬਾਵਜੂਦ ਹਰਸਿਮਰਤ ਬਾਦਲ ਉੱਥੇ ਨਹੀਂ ਪਹੁੰਚੇ। ਇਸ ਤੋਂ ਇਲਾਵਾ ਸੰਗਰੂਰ ਚੋਣਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸੰਸਦ ਮੈਂਬਰਾਂ 'ਚ ਸੰਨੀ ਦਿਓਲ ਅਤੇ ਸੰਤੋਖ ਚੌਧਰੀ ਦਾ ਨਾਂ ਵੀ ਸ਼ਾਮਲ ਹਨ।