ਰਾਜਸਥਾਨ ਸੰਕਟ : ਪਾਇਲਟ ਖ਼ੇਮੇ ਦੀ ਪਟੀਸ਼ਨ ’ਤੇ ਫ਼ੈਸਲਾ ਸ਼ੁਕਰਵਾਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਰਾਜਸਥਾਨ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਵਿਰੁਧ ਅਯੋਗਤਾ ਨੋਟਿਸ ’ਤੇ ਕਾਰਵਾਈ 24 ਜੁਲਾਈ ਤਕ ਟਾਲਣ ਲਈ ਕਿਹਾ ਹੈ।

Sachin Pilot

ਜੈਪੁਰ, 21 ਜੁਲਾਈ : ਰਾਜਸਥਾਨ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਵਿਰੁਧ ਅਯੋਗਤਾ ਨੋਟਿਸ ’ਤੇ ਕਾਰਵਾਈ 24 ਜੁਲਾਈ ਤਕ ਟਾਲਣ ਲਈ ਕਿਹਾ ਹੈ। ਅਦਾਲਤ ਸ਼ੁਕਰਵਾਰ ਨੂੰ ਸਚਿਨ ਪਾਇਲਟ ਅਤੇ 18 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ’ਤੇ ਢੁਕਵਾਂ ਹੁਕਮ ਜਾਰੀ ਕਰੇਗੀ। 

ਵਿਧਾਨ ਸਭਾ ਸਪੀਕਰ ਦੇ ਵਕੀਲ ਨੇ ਇਸ ਬਾਬਤ ਜਾਣਕਾਰੀ ਦਿਤੀ। ਮਾਮਲੇ ਵਿਚ ਮੰਗਲਵਾਰ ਨੂੰ ਦਲੀਲਾਂ ਸੁਣੀਆਂ ਗਈਆਂ ਅਤੇ ਕਾਰਵਾਈ ਮੁਕੰਮਲ ਹੋ ਗਈ। ਸਾਰੀਆਂ ਧਿਰਾਂ ਨੂੰ ਸ਼ੁਕਰਵਾਰ ਤਕ ਲਿਖਤ ਵਿਚ ਅਪਣੀਆਂ ਦਲੀਲਾਂ ਪੇਸ਼ ਕਰਨ ਲਈ ਕਿਹਾ ਗਿਆ ਹੈ। ਵਿਧਾਨ ਸਭਾ ਸਪੀਕਰ ਦੇ ਵਕੀਲ ਨੇ ਕਿਹਾ, ‘ਅਦਾਲਤ ਹੁਣ 24 ਜੁਲਾਈ ਨੂੰ ਢੁਕਵਾਂ ਹੁਕਮ ਜਾਰੀ ਕਰੇਗੀ।

ਵਿਧਾਨ ਸਭਾ ਸਪੀਕਰ ਨੂੰ ਵੀ ਸ਼ੁਕਰਵਾਰ ਤਕ ਨੋਟਿਸ ’ਤੇ ਕਾਰਵਾਈ ਟਾਲਣ ਲਈ ਆਖਿਆ ਗਿਆ ਹੈ।’ ਅਦਾਲਤ ਨੇ ਮਾਮਲੇ ਵਿਚ ਧਿਰ ਬਣਨ ਲਈ ਦੋ ਹੋਰ ਧਿਰਾਂ ਦੀ ਵੀ ਅਰਜ਼ੀ ਪ੍ਰਵਾਨ ਕਰ ਲਈ। ਵਕੀਲ ਨੇ ਕਿਹਾ, ‘24 ਜੁਲਾਈ ਨੂੰ ਪਤਾ ਲੱਗੇਗਾ ਕਿ ਅਦਾਲਤ ਅੰਤਮ ਹੁਕਮ ਦਿੰਦੀ ਹੈ ਜਾਂ ਅੰਤਰਮ ਹੁਕਮ।’ ਇਸ ਤੋਂ ਪਹਿਲਾਂ ਵਕੀਲਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।