ਐਨ.ਡੀ.ਏ. ’ਚ ਸ਼ਾਮਲ ਹੋਇਆ ਜਨਤਾ ਦਲ ਸੈਕੂਲਰ : ਨੱਢਾ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਪ੍ਰਧਾਨ ਨੇ ਇਹ ਐਲਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ।

Janata Dal (Secular) Joins BJP-led NDA Alliance


ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਜਨਤਾ ਦਲ (ਸੈਕੂਲਰ) ਨੇ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਪ੍ਰਧਾਨ ਨੇ ਇਹ ਐਲਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ।

 

ਨੱਢਾ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਸਾਡੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨਾਲ ਮੁਲਾਕਾਤ ਕੀਤੀ। ਮੈਨੂੰ ਖ਼ੁਸ਼ੀ ਹੈ ਕਿ ਜੇ.ਡੀ.(ਐਸ) ਨੇ ਐਨ.ਡੀ.ਏ. ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਹੈ। ਭਾਜਪਾ ਪ੍ਰਧਾਨ ਨੇ ਕਿਹਾ, ‘‘ਅਸੀਂ ਉਨ੍ਹਾਂ ਦਾ ਐਨ.ਡੀ.ਏ. ’ਚ ਦਿਲੋਂ ਸਵਾਗਤ ਕਰਦੇ ਹਾਂ। ਇਸ ਨਾਲ ਐਨ.ਡੀ.ਏ. ਹੋਰ ਮਜ਼ਬੂਤ ਹੋਵੇਗਾ।’’

 

ਕੁਮਾਰਸਵਾਮੀ 2024 ਦੀਆਂ ਲੋਕ ਸਭਾ ਚੋਣਾਂ ਲਈ ਕਰਨਾਟਕ ’ਚ ਭਾਜਪਾ ਨਾਲ ਅਪਣੀ ਪਾਰਟੀ ਦੇ ਗਠਜੋੜ ’ਤੇ ਚਰਚਾ ਕਰਨ ਲਈ ਵੀਰਵਾਰ ਨੂੰ ਦਿੱਲੀ ਪਹੁੰਚੇ ਸਨ। ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀਆਂ ਗੱਲਾਂ ਉਦੋਂ ਤੋਂ ਹੀ ਸੁਰਖ਼ੀਆਂ ’ਚ ਸਨ ਜਦੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦੀ ਬੋਰਡ ਦੇ ਮੈਂਬਰ ਬੀ.ਐਸ. ਯੇਦੀਯੁਰੱਪਾ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਆਮ ਚੋਣਾਂ ਲਈ ਜੇ.ਡੀ. (ਐਸ) ਨਾਲ ਗਠਜੋੜ ਕਰੇਗੀ ਅਤੇ ਜੇ.ਡੀ. (ਐਸ) ਕਰਨਾਟਕ ਦੀਆਂ ਚਾਰ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ।

 

ਕਰਨਾਟਕ ’ਚ ਕੁਲ 28 ਲੋਕ ਸਭਾ ਸੀਟਾਂ ਹਨ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਇਨ੍ਹਾਂ ’ਚੋਂ 25 ਸੀਟਾਂ ਜਿੱਤੀਆਂ ਸਨ, ਜਦੋਂ ਕਿ ਮੰਡਿਆ ਸੀਟ ਆਜ਼ਾਦ ਉਮੀਦਵਾਰ ਸੁਮਲਤਾ ਅੰਬਰੀਸ਼ ਨੇ ਅਪਣੇ ਸਮਰਥਨ ਨਾਲ ਜਿੱਤੀ ਸੀ। ਕਾਂਗਰਸ ਅਤੇ ਜਨਤਾ ਦਲ (ਐਸ) ਨੇ ਇਕ-ਇਕ ਸੀਟ ਜਿੱਤੀ ਸੀ।
ਇਸ ਸਾਲ ਮਈ ’ਚ ਹੋਈਆਂ 224 ਮੈਂਬਰੀ ਕਰਨਾਟਕ ਵਿਧਾਨ ਸਭਾ ਚੋਣਾਂ ’ਚ, ਕਾਂਗਰਸ ਨੇ 135 ਸੀਟਾਂ ਜਿੱਤੀਆਂ, ਜਦੋਂ ਕਿ ਭਾਜਪਾ ਨੇ 66 ਅਤੇ ਜੇ.ਡੀ.(ਐੱਸ) ਨੇ 19 ਸੀਟਾਂ ਜਿੱਤੀਆਂ।