ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਵਿਰੋਧ ’ਚ ਵਿਰੋਧੀ ਪਰਟੀਆਂ ਨੇ ਦੇਸ਼ ਭਰ ’ਚ ਕੀਤਾ ਵਿਰੋਧ ਪ੍ਰਦਰਸ਼ਨ
ਜੰਤਰ-ਮੰਤਰ ਵਿਖੇ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੇ ਸਰਕਾਰ ’ਤੇ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਜੋਂ ਅੱਜ ਦੇਸ਼ ਭਰ ’ਚ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੀਆਂ ਕਈ ਪ੍ਰਮੁੱਖ ਪਾਰਟੀਆਂ ਨੇ ਦੇਸ਼ ਭਰ ਦੇ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ ਕੀਤਾ। ਹਰ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੇਂਦਰ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ ਅਤੇ ਰਾਸ਼ਟਰਪਤੀ ਦੇ ਨਾਂ ’ਤੇ ਇਕ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ।
‘ਇੰਡੀਆ’ ਗੱਠਜੋੜ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਵੀ ਕੀਤਾ ਅਤੇ ਸਰਕਾਰ ’ਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਸਾਰੇ ਨੇਤਾ ਲੋਕਤੰਤਰ ਨੂੰ ਬਚਾਉਣ ਲਈ ਇਕਜੁਟ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਕੱਲੇ ਕੁੱਝ ਇਹ ਨਹੀਂ ਕਰ ਸਕਦੇ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਆਰ.ਜੇ.ਡੀ. ਨੇਤਾ ਮਨੋਜ ਝਾਅ, ਡੀ.ਐਮ.ਕੇ. ਨੇਤਾ ਤਿਰੂਚੀ ਸਿਵਾ ਅਤੇ ਕਈ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਜੰਤਰ-ਮੰਤਰ ’ਤੇ ਕੀਤੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲਿਆ।
ਖੜਗੇ ਨੇ ਕਿਹਾ, ‘‘ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨੇ ਲੋਕਤੰਤਰ ਅਤੇ ਸੰਵਿਧਾਨ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਅਪਣੇ ਸਿਰ ਲੈ ਲਈ ਹੈ। ਇਹ ਲੋਕ ਦਲਿਤਾਂ, ਮਜ਼ਦੂਰਾਂ, ਔਰਤਾਂ ਅਤੇ ਕਿਸਾਨਾਂ ਨੂੰ ਕੁਚਲਣ ਦਾ ਕੰਮ ਕਰ ਰਹੇ ਹਨ। ਇਸ ਲਈ ਅਸੀਂ ਦੇਸ਼ ਨੂੰ ਬਚਾਉਣ ਲਈ ‘ਇੰਡੀਆ’ ਗੱਠਜੋੜ ਬਣਾਇਆ ਹੈ।’’ ਉਨ੍ਹਾਂ ਨੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਹੋਏ ਕਿਹਾ, ‘‘ਅਸੀਂ ਮੋਦੀ ਸਰਕਾਰ ਤੋਂ ਨਹੀਂ ਡਰਦੇ। ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਰੋ ਸਾਨੂੰ ਮਿੱਟੀ ’ਚ ਦਫਨਾਉਣ ਦੀ, ਅਸੀਂ ਬੀਜ ਹਾਂ, ਸਾਨੂੰ ਵਾਰ-ਵਾਰ ਉੱਗਣ ਦੀ ਆਦਤ ਹੈ।’’
ਪ੍ਰਦਰਸ਼ਨ ਦੌਰਾਨ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਦੀ ਸੰਸਦ ਨੂੰ ਚੁਕਾਉਣ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਲਿਤ, ਆਦਿਵਾਸੀ, ਨੌਜਵਾਨ ਅਤੇ ਕਿਸਾਨ ਸਾਰੇ ਨਾਖੁਸ਼ ਹਨ ਅਤੇ ਭਾਜਪਾ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਉਨ੍ਹਾਂ ਕਿਹਾ, ‘‘ਅਸੀਂ ਲੋਕਤੰਤਰ ’ਤੇ ਹਮਲਾ ਕਰਨ ਵਾਲੀ ਫਿਰਕੂ ਤਾਕਤ ਨੂੰ ਸੱਤਾ ਤੋਂ ਹਟਾਵਾਂਗੇ।’’ ਸੀਤਾਰਾਮ ਯੇਚੁਰੀ ਨੇ ਦੋਸ਼ ਲਾਇਆ ਕਿ ਪੂਰੇ ਦੇਸ਼ ’ਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਗਲੀ ਵਾਰ ਜੇਕਰ ਭਾਜਪਾ ਜਿੱਤਦੀ ਹੈ ਤਾਂ ਮੈਨੂੰ ਨਹੀਂ ਪਤਾ ਕਿ ਸੰਸਦ ਹੋਵੇਗੀ ਜਾਂ ਨਹੀਂ। ਜੇਕਰ ਸਾਨੂੰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਸਾਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਪਵੇਗਾ।’’
ਸਰਦ ਰੁੱਤ ਇਜਲਾਸ ਦੇ ਕੁਝ ਦਿਨਾਂ ਦੇ ਅੰਦਰ ਹੀ 146 ਸੰਸਦ ਮੈਂਬਰਾਂ ਨੂੰ ਸਦਨ ’ਚ ਨਾਅਰੇਬਾਜ਼ੀ ਕਰਨ ਅਤੇ ਤਖ਼ਤੀਆਂ ਲਹਿਰਾਉਣ ਲਈ ਲੋਕ ਸਭਾ ਅਤੇ ਰਾਜ ਸਭਾ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਮੈਂਬਰਾਂ ਨੂੰ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ ਸੀ ਅਤੇ ਸੈਸ਼ਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਮੁਅੱਤਲੀ ਵੀ ਖ਼ੁਦ ਹੀ ਖਤਮ ਹੋ ਗਈ ਹੈ। ਪਰ ਕੁਝ ਮੈਂਬਰਾਂ ਦਾ ਮਾਮਲਾ ਵਿਚਾਰ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਗਿਆ ਸੀ ਅਤੇ ਕਮੇਟੀ ਵਲੋਂ ਅਪਣੀ ਰੀਪੋਰਟ ਸੌਂਪੇ ਜਾਣ ਤਕ ਉਨ੍ਹਾਂ ਦੀ ਮੁਅੱਤਲੀ ਜਾਰੀ ਰਹੇਗੀ।
ਦੋਹਾਂ ਸਦਨਾਂ ਦੀ ਕਾਰਵਾਈ ਵੀਰਵਾਰ ਨੂੰ ਸਰਦ ਰੁੱਤ ਸੈਸ਼ਨ ਲਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰ ਦੇ ਸੰਸਦ ਮੈਂਬਰ 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ਭੰਗ ਹੋਣ ਦੀ ਘਟਨਾ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ।