ਜੋਤਿਸ਼ਪੀਠ ਦੇ ਸ਼ੰਕਰਾਚਾਰੀਆ ਨੇ ਭਾਗਵਤ ’ਤੇ ਸਿਆਸੀ ਸਹੂਲਤ ਅਨੁਸਾਰ ਬਿਆਨ ਦੇਣ ਦਾ ਦੋਸ਼ ਲਾਇਆ
ਬੀ.ਆਰ. ਅੰਬੇਡਕਰ ਬਾਰੇ ਸੰਸਦ ’ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਵੀ ਆਲੋਚਨਾ ਕੀਤੀ
ਹਰਿਦੁਆਰ : ਜੋਤਿਸ਼ਪੀਠ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਐਤਵਾਰ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ’ਤੇ ਸਿਆਸੀ ਸਹੂਲਤ ਅਨੁਸਾਰ ਬਿਆਨ ਦੇਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੱਤਾ ਪ੍ਰਾਪਤ ਕਰਨੀ ਸੀ ਤਾਂ ਉਹ ਮੰਦਰ-ਮੰਦਰ ਕਰਦੇ ਸਨ, ਹੁਣ ਜੇਕਰ ਉਨ੍ਹਾਂ ਨੂੰ ਸੱਤਾ ਮਿਲੀ ਤਾਂ ਉਹ ਮੰਦਰ ਨਾ ਲੱਭਣ ਦੀ ਸਲਾਹ ਦੇ ਰਹੇ ਹਨ।
ਸ਼ੰਕਰਾਚਾਰੀਆ ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਬਿਆਨ ਦੀ ਵੀ ਆਲੋਚਨਾ ਕੀਤੀ ਕਿ ਕਿਸੇ ਨੂੰ ਹਰ ਜਗ੍ਹਾ ਮੰਦਰ ਲੱਭਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਭਾਗਵਤ ’ਤੇ ਸਿਆਸੀ ਸਹੂਲਤ ਅਨੁਸਾਰ ਬਿਆਨ ਦੇਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ, ‘‘ਜਦੋਂ ਉਨ੍ਹਾਂ ਨੂੰ ਸੱਤਾ ਪ੍ਰਾਪਤ ਕਰਨੀ ਸੀ ਤਾਂ ਉਹ ਮੰਦਰ-ਮੰਦਰ ਕਰਦੇ ਸਨ, ਹੁਣ ਜੇਕਰ ਉਨ੍ਹਾਂ ਨੂੰ ਸੱਤਾ ਮਿਲੀ ਤਾਂ ਉਹ ਮੰਦਰ ਨਾ ਲੱਭਣ ਦੀ ਸਲਾਹ ਦੇ ਰਹੇ ਹਨ।’’
ਸ਼ੰਕਰਾਚਾਰੀਆ ਨੇ ਬੀ.ਆਰ. ਅੰਬੇਦਕਰ ਬਾਰੇ ਸੰਸਦ ’ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਵੀ ਆਲੋਚਨਾ ਕੀਤੀ। ਸੰਸਦ ’ਚ ਹੋਈ ਝੜਪ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਸਦ ’ਚ ਝੜਪ ਦਾ ਕਾਰਨ ਅੰਬੇਡਕਰ ’ਤੇ ਕੇਂਦਰੀ ਗ੍ਰਹਿ ਮੰਤਰੀ ਦਾ ਬਿਆਨ ਸੀ।
ਉਨ੍ਹਾਂ ਕਿਹਾ ਕਿ ਦੇਸ਼ ’ਚ ਅੰਬੇਦਕਰ ਦੀ ਵਿਚਾਰਧਾਰਾ ਦਾ ਪਾਲਣ ਕਰਨ ਵਾਲੇ ਵਧੇਰੇ ਲੋਕ ਹਨ ਅਤੇ ਇਸੇ ਲਈ ਹਰ ਕੋਈ ਅਪਣੀ ਸਿਆਸਤ ਲਈ ਅੰਬੇਦਕਰ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ।
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਭਾਰਤ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣਾ ਚਾਹੀਦਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ’ਤੇ ਕੋਈ ਕਾਰਵਾਈ ਨਾ ਕਰਨ ਲਈ ਕੇਂਦਰ ਸਰਕਾਰ ਦੀ ਵੀ ਆਲੋਚਨਾ ਕੀਤੀ।
ਸ਼ੰਕਰਾਚਾਰੀਆ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਸਮੇਂ ’ਚ ਹਮਲਾਵਰਾਂ ਵਲੋਂ ਕਥਿਤ ਤੌਰ ’ਤੇ ਤਬਾਹ ਕੀਤੇ ਗਏ ਮੰਦਰਾਂ ਦਾ ਪੁਰਾਤੱਤਵ ਸਰਵੇਖਣ ਕਰਵਾਇਆ ਜਾਵੇ ਅਤੇ ਹਿੰਦੂ ਸਮਾਜ ਦੀ ਸ਼ਾਨ ਬਹਾਲ ਕੀਤੀ ਜਾਵੇ।
ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਕਿਹਾ ਕਿ ਪਿਛਲੇ ਸਮੇਂ ’ਚ ਹਿੰਦੂ ਸਮਾਜ ਨਾਲ ਬਹੁਤ ਅੱਤਿਆਚਾਰ ਹੋਏ ਹਨ ਅਤੇ ਹਿੰਦੂਆਂ ਦੇ ਪੂਜਾ ਸਥਾਨਾਂ ਨੂੰ ਤਬਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜੇਕਰ ਹਿੰਦੂ ਸਮਾਜ ਅਪਣੇ ਮੰਦਰਾਂ ਦੀ ਮੁੜ ਬਹਾਲੀ ਅਤੇ ਸੰਭਾਲ ਕਰਨਾ ਚਾਹੁੰਦਾ ਹੈ ਤਾਂ ਇਸ ਵਿਚ ਗਲਤ ਕੀ ਹੈ?