Captain Amarinder Singh ਭਾਜਪਾ ਦਾ ਧਿਆਨ ਖਿੱਚਣ ਲਈ ਦੇ ਰਹੇ ਹਨ ਕਾਂਗਰਸੀ ਪੱਖੀ ਬਿਆਨ : ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ : ਜਾਖੜ ਕੈਪਟਨ ਤੋਂ ਪੁੱਛਣ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਸਮੇਂ ਕਿੰਨੇ ਪੈਸੇ ਦਿੱਤੇ ਸਨ

Captain Amarinder Singh is making pro-Congress statements to attract BJP's attention: Raja Warring

ਚੰਡੀਗੜ੍ਹ : ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਬਾਰੇ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਸੋਚੀ ਸਮਝੀ ਰਾਜਨੀਤੀ ਤਹਿਤ ਕਾਂਗਰਸ ਪ੍ਰੇਮ ਵਾਲੇ ਬਿਆਨ ਦੇ ਰਹੇ ਹਨ ਕਿਉਂਕਿ ਉਹ ਭਾਜਪਾ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਭਾਜਪਾ ਵੱਲੋਂ ਉਨ੍ਹਾਂ ਵੱਲ ਧਿਆਨ ਦਿੱਤਾ ਵੀ ਜਾ ਰਿਹਾ ਹੈ।

ਸੁਨੀਲ ਜਾਖੜ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਦੀ ਕੁਰਸੀ 350 ਕਰੋੜ ਵਿੱਚ ਵਿਕੀ ਹੈ। ਅਸਲ ਵਿੱਚ ਉਹ ਹਾਰ ਕੇ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਅਤੇ ਕਾਂਗਰਸ ਨੇ ਨਹੀਂ ਬਣਾਇਆ। ਇਸ ਕਰਕੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਜਦਕਿ ਉਨ੍ਹਾਂ ਦੀ ਹੀ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੇ ਪੈਸੇ ਦਿੱਤੇ ਸਨ। ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤ ਦੀਆਂ ਦਿੱਤੀਆਂ ਜਾ ਰਹੀਆਂ  ਜਾਣਕਾਰੀਆਂ ਵਿੱਚ ਉਲਝਣ ਪਾਈ ਜਾ ਰਹੀ ਹੈ। ਉਹ ਬਾਈਕਾਟ ਕੀਤੀਆਂ ਗਈਆਂ ਸੀਟਾਂ, ਕਾਗਜ਼ ਰੱਦ ਹੋਣ ਵਾਲੀਆਂ ਸੀਟਾਂ ਅਤੇ ਫਾਈਲਾਂ ਫਾੜ ਕੇ ਡਰਾ ਧਮਕਾ ਕੇ ਬੈਠੇ ਉਮੀਦਵਾਰਾਂ ਦੀਆਂ ਸੀਟਾਂ ਨੂੰ ਵੀ ਜਿੱਤ ਵਿੱਚ ਜੋੜ ਰਹੇ ਹਨ। ਜਦਕਿ ਇਹ ਚੋਣ ਜਿੱਤੀ ਨਹੀਂ ਸਗੋਂ ਲੁੱਟੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਸੀਟਾਂ ਜਿੱਤਣ ’ਤੇ ਡਾਇਨਾਸੌਰ ਆਉਣ ਵਰਗੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦਸ ਜ਼ਿਲ੍ਹਿਆਂ ਵਿੱਚ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਆਈ। ਸ਼੍ਰੋਮਣੀ ਅਕਾਲੀ ਦਲ ਬਾਦਲ 100 ਸਾਲ ਪੁਰਾਣੀ ਪਾਰਟੀ ਹੈ ਅਤੇ ਤੀਜੇ ਨੰਬਰ ਤੇ ਆਉਣ ਤੋਂ ਹੀ ਖੁਸ਼ ਹੋ ਰਹੀ ਹੈ। ਇਸ ਤੋਂ ਬੁਰੇ ਹਾਲਾਤ ਅਕਾਲੀ ਦਲ ਦੇ ਕੀ ਹੋ ਸਕਦੇ ਹਨ।