ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਕੈਪਟਨ ਸਰਕਾਰ ਭੱਜਣ ਲੱਗੀ : ਹਰਸਿਮਰਤ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ ਉਪਰ....
ਬਠਿੰਡਾ, 17 ਅਗੱਸਤ (ਸੁਖਜਿੰਦਰ ਮਾਨ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ ਉਪਰ ਭੱਜਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿਰਫ਼ ਵੋਟਾਂ ਲੈਣ ਦੇ ਮਕਸਦ ਨਾਲ ਹੀ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕੀਤੇ ਗਏ ਸਨ।
ਅੱਜ ਸਥਾਨਕ ਸ਼ਹਿਰ ਦੇ ਛਾਬਲਾ ਪੈਲੇਸ 'ਚ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦਾਅਵਾ ਕੀਤਾ, ''ਚਿੱਟੀ ਮੱਖੀ ਤੇ ਹਰੇ ਤੇਲੇ ਕਾਰਨ ਕਿਸਾਨਾਂ ਦੀ ਹਾਲਾਤ ਬਹੁਤ ਮੰਦੀ ਹੋ ਗਈ ਹੈ, ਜਿਸ ਕਾਰਨ ਉਹ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ।'' ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਨਰਮੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੀਤੇ ਦੌਰੇ ਨੂੰ ਵੀ ਢਕਵੰਜ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਕਿਸਾਨਾਂ ਦੀ ਬਿਨ੍ਹਾਂ ਗੱਲ ਸੁਣੇ ਹੀ ਵਾਪਸ ਚਲੇ ਗਏ।
ਬੀਬਾ ਬਾਦਲ ਨੇ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਜਦ ਪਿਛਲੀ ਅਕਾਲੀ ਸਰਕਾਰ ਦੌਰਾਨ ਚਿੱਟੀ ਮੱਖੀ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤਾਂ ਸਰਕਾਰ ਨੇ ਖ਼ਜਾਨੇ ਦੇ ਮੂੰਹ ਖੋਲ ਦਿਤੇ ਸਨ। ਉਨ੍ਹਾਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਕਿਸਾਨਾਂ ਲਈ ਖ਼ਜ਼ਾਨੇ ਦਾ ਮੂੰਹ ਬੰਦ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਬਾਦਲ ਸਾਹਿਬ ਪ੍ਰਭਾਵਤ ਕਿਸਾਨਾਂ ਨੂੰ 664 ਕਰੋੜ ਦਾ ਮੁਆਵਜ਼ਾ ਵੰਡ ਸਕਦੇ ਹਨ ਤਾਂ ਕੈਪਟਨ ਸਰਕਾਰ ਕਿਉਂ ਨਹੀਂ।
ਕੇਂਦਰ ਦੀ ਮੋਦੀ ਸਰਕਾਰ ਦੀਆਂ ਸਿਫ਼ਤਾਂ ਦੇ ਪੁਲ ਬੰਨਦਿਆਂ ਬੀਬੀ ਬਾਦਲ ਨੇ ਦਾਅਵਾ ਕੀਤਾ, ''ਮੋਦੀ ਸਾਹਿਬ ਦੇ ਫ਼ੈਸਲੇ ਮੁਤਾਬਕ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਇਰਾਦੇ ਨਾਲ ਕਿਸਾਨ ਸੰਪਦਾ ਤੇ ਹੋਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਕਿ ਕਿਸਾਨ ਅਪਣੇ ਪੈਰਾਂ 'ਤੇ ਖੜੇ ਹੋ ਸਕਣ।'' ਉਨ੍ਹਾਂ ਆਮ ਆਦਮੀ ਪਾਰਟੀ ਉਪਰ ਵੀ ਸਵਾਲ ਉਠਾਉਂਦਿਆ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਧਰਨੇ ਮਾਰਨ ਵਾਲੇ ਹੁਣ ਕੈਪਟਨ ਦੇ ਰਾਜ 'ਚ ਕਿਉੁਂ ਚੁੱਪ ਹਨ।
ਕੇਂਦਰੀ ਮੰਤਰੀ ਨੇ ਅੱਜ ਕਿਸਾਨੀ ਉਪਰ ਅਪਣਾ ਫ਼ੋਕਸ ਕਰਦਿਆਂ ਪਿੰਡ ਪਿੰਡ ਬੁਰਜ ਮਹਿਮਾ ਦੇ ਕਿਸਾਨ ਜਰਨੈਲ ਸਿੰਘ ਦੇ ਖੇਤਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਸਰਪੂ ਚੰਦ ਸਿੰਗਲਾ, ਬਲਕਾਰ ਸਿੰਘ ਬਰਾੜ, ਸੁਖਵੀਰ ਸਿੰਘ ਜੱਸੀ, ਮੇਅਰ ਬਲਵੰਤ ਰਾਏ ਨਾਥ, ਡਿਪਟੀ ਮੇਅਰ ਤਰਸੇਮ ਗਰਗ, ਭਾਜਪਾ ਆਗੂ ਦਿਆਲ ਸੋਢੀ, ਡਾ. ਉਮ ਪ੍ਰਕਾਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।