ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਵਿਖੇ ਸ਼ੁਕਰਾਨਾ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।

Guru Teg Bahadur institute

ਨਵੀਂ ਦਿੱਲੀ, 17 ਅਗੱਸਤ (ਸੁਖਰਾਜ ਸਿੰਘ): ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।
ਇਸ ਸਬੰਧੀ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿਤ ਅਤੇ ਮੈਨੇਜਰ ਜਸਪ੍ਰੀਤ ਸਿੰਘ ਵਿੱਕੀਮਾਨ ਨੇ ਦਸਿਆ ਕਿ ਪਿਛਲੇ ਵਰ੍ਹੇ ਅਪਣੇ ਹੀ ਕੁਝ ਲੋਕਾਂ ਨੇ ਸਿੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਨ ਤੇ ਇੰਸੀਚਿਊਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਝੀ ਚਾਲ ਚਲੀ ਸੀ, ਜਿਸ ਕਰ ਕੇ ਇਸ ਅਦਾਰੇ ਦੀਆਂ ਸੀਟਾਂ ਰੱਦ ਹੋ ਗਈਆ ਸਨ ਪਰ ਹੁਣ ਅਕਾਲ ਪੁਰਖ ਦੀ ਅਪਾਰ ਕ੍ਰਿਪਾ ਸਦਕਾ ਅਸੀਂ ਹਰ ਸੰਭਵ ਯਤਨ ਕਰ ਕੇ ਇਸ ਵਰ੍ਹੇ ਸੀਟਾਂ ਬਹਾਲ ਕਰਵਾ ਲਈਆਂ ਹਨ ਅਤੇ ਇਸੇ ਲਈ ਸਤਿਗੁਰੂ ਜੀ, ਅਕਾਲ ਪੁਰਖ ਦੇ ਕੋਟਾਨ-ਕੋਟ ਧਨਵਾਦ ਲਈ ਇਹ ਸ਼ੁਕਰਾਨਾ ਦਿਵਸ ਸਮਾਗਮ ਕਰਵਾਇਆ ਗਿਆ ਹੈ।ਜਥੇ. ਹਿੱਤ ਨੇ ਕਿਹਾ ਕਿ ਇਹ ਇੰਸਟੀਚਿਊਟ ਕਿਸੇ ਪਾਰਟੀ ਜਾਂ ਕਿਸੇ ਦੀ ਨਿਜੀ ਜਗੀਰ ਨਹੀਂ ਸਗੋਂ ਸਿੱਖ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਬਣਾਉਣ ਦਾ ਕੇਂਦਰ ਹੈ ਅਤੇ ਪਿਛਲੀ ਕਮੇਟੀ ਨੇ ਇਸ ਸੰਸਥਾ ਦੀਆਂ ਖਾਮੀਆ ਨੂੰ ਦੂਰ ਕਰਨ ਲਈ ਭੋਰਾ ਵੀ ਦਿਲਚਸਪੀ ਨਹੀਂ ਵਿਖਾਈ ਜਦ ਕਿ ਅਸੀਂ ਨੱਠ-ਭੱਜ ਕਰਕੇ ਹਰ ਤਰੀਕੇ ਨਾਲ ਇੰਸਟੀਚਿਊਟ ਨੂੰ ਹਰੇਕ ਪਾਸਿਉ ਸੁਰੱਖਿਅਤ ਕਰਵਾ ਦਿਤਾ ਹੈ। ਸ. ਵਿੱਕੀਮਾਨ ਨੇ ਕਿਹਾ ਕਿ ਹੁਣ ਇਸ ਇੰਸਟੀਚਿਊਟ ਦੀਆਂ ਸਹੂਲਤਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ ਅਤੇ ਮਾੜੀ ਸੋਚ ਰੱਖਣ ਵਾਲਿਆਂ ਜਿਨ੍ਹਾਂ ਨੇ ਸੀਟਾਂ ਰੱਦ ਕਰਵਾਈਆਂ ਸਨ ਉਨ੍ਹਾਂ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ।
ਇਸ ਮੌਕੇ ਇੰਸਟੀਚਿਊਟ ਦੀ ਡਾਇਰੈਕਟਰ ਮੈਡਮ ਡਾ. ਰੋਮਿੰਦਰ ਕੌਰ ਰੰਧਾਵਾ ਨੇ ਵਿਦਿਆਰਥੀਆਂ ਤੇ ਇਲਾਕੇ ਸੰਗਤਾਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਤੇ ਦਿੱਲੀ ਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਇਸ ਇੰਸੀਚਿਊਟ ਵਿਚ ਦਾਖਲ ਕਰਵਾਉਣ। ਇਸ ਸਮਾਗਮ ਦੌਰਾਨ ਮਨਜਿੰਦਰ ਸਿੰਘ ਸਿਰਸਾ, ਕੁਲਮੋਹਨ ਸਿੰਘ, ਜਥੇ. ਉਂਕਾਰ ਸਿੰਘ ਥਾਪਰ, ਅਮਰਜੀਤ ਸਿੰਘ ਪੱਪੂ, ਹਰਮਨਜੀਤ ਸਿੰਘ, ਪਰਮਜੀਤ ਸਿੰਘ ਰਾਣਾ, ਵਿਕਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ, ਜਗਦੀਪ ਸਿੰਘ ਕਾਹਲੋਂ, ਉਂਕਾਰ ਸਿੰਘ ਰਾਜਾ, ਸਤਪਾਲ ਸਿੰਘ, ਬੀਬੀ ਰਣਜੀਤ ਕੌਰ ਆਦਿ ਨੇ ਉਚੇਚੇ ਤੌਰ 'ਤੇ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ।