ਫ਼ੇਸਬੁਕ, ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਜੇਲਾਂ 'ਚ ਲੱਗਣਗੇ ਜੈਮਰ
ਜੇਲਾਂ 'ਚ ਬੰਦ ਗੈਂਗਸਟਰਾਂ, ਕੈਦੀਆਂ ਵਲੋਂ ਮੋਬਾਈਲ ਫ਼ੋਨ 'ਤੇ ਫ਼ੇਸਬੁੱਕ ਦੇ ਪ੍ਰਯੋਗ ਨੂੰ ਰੋਕਣ ਲਈ ਜੇਲਾਂ ਵਿਚ ਜੈਮਰ ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ..
ਚੰਡੀਗੜ੍ਹ, 17 ਅਗੱਸਤ (ਜੈ ਸਿੰਘ ਛਿੱਬਰ) : ਜੇਲਾਂ 'ਚ ਬੰਦ ਗੈਂਗਸਟਰਾਂ, ਕੈਦੀਆਂ ਵਲੋਂ ਮੋਬਾਈਲ ਫ਼ੋਨ 'ਤੇ ਫ਼ੇਸਬੁੱਕ ਦੇ ਪ੍ਰਯੋਗ ਨੂੰ ਰੋਕਣ ਲਈ ਜੇਲਾਂ ਵਿਚ ਜੈਮਰ ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ 4ਜੀ ਫ੍ਰਿਕਵੈਂਸੀ ਨੂੰ ਰੋਕਿਆ ਜਾ ਸਕੇ। ਸੂਤਰਾਂ ਅਨੁਸਾਰ ਜੇਲ ਵਿਭਾਗ ਨੇ ਇਸ ਸਬੰਧੀ ਬਣਾਈ ਗਈ ਰੀਪੋਰਟ ਸਰਕਾਰ ਨੂੰ ਪ੍ਰਵਾਨਗੀ ਲਈ ਭੇਜ ਦਿਤੀ ਹੈ।
ਸੋਸ਼ਲ ਮੀਡੀਆਂ 'ਤੇ ਅਕਸਰ ਜੇਲਾਂ ਵਿਚ ਬੰਦ ਕੈਦੀਆਂ, ਗੈਂਗਸਟਰਾਂ, ਅਪਰਾਧੀਆਂ ਵਲੋਂ ਫ਼ੇਸਬੁੱਕ 'ਤੇ ਧਮਕੀਆਂ ਦੇਣ, ਫੇਸਬੁੱਕ ਤੇ ਟਵੀਟਰ ਅਪਡੇਟ ਕਰਨ ਜਾਂ ਮੋਬਾਈਲ ਫ਼ੋਨ ਵਰਤਣ ਦੀਆਂ ਤਸਵੀਰਾਂ ਤੇ ਰੀਪੋਰਟਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਭਾਵੇਂ ਕਿ ਸਮੇਂ-ਸਮੇਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਜੇਲਾਂ ਵਿਚ ਇਸ ਸਮੱਸਿਆ ਦੇ ਨਿਪਟਾਰੇ ਲਈ ਸਾਰਥਕ ਕਦਮ ਚੁਕਣ ਦਾ ਯਤਨ ਕੀਤਾ ਗਿਆ ਹੈ, ਇਸ ਦੇ ਬਾਵਜੂਦ ਕੈਦੀਆਂ ਵਲੋਂ ਜੇਲਾਂ ਵਿਚ ਮੋਬਾਈਲ ਫ਼ੋਨ, ਸਿਮ ਮਿਲਦੇ ਰਹੇ ਹਨ।
ਡੀ.ਜੀ.ਪੀ (ਜੇਲ) ਆਈ.ਪੀ.ਐਸ ਸਹੋਤਾ ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਵਿਭਾਗ ਦਾ ਚਾਰਜ ਲਿਆ ਹੈ, ਨੇ ਦਸਿਆ ਕਿ ਜੇਲਾਂ ਵਿਚ ਨਾਜਾਇਜ਼ ਢੰਗ ਨਾਲ ਕੈਦੀਆਂ ਕੋਲ ਮੋਬਾਈਲ ਫ਼ੋਨ ਤੇ ਸਿਮ, ਨਸ਼ੀਲੇ ਪਦਾਰਥ ਪਹੁੰਚਦੇ ਰਹੇ ਹਨ, ਤੇ ਤਲਾਸ਼ੀ ਦੌਰਾਨ ਬਰਾਮਦ ਵੀ ਹੁੰਦੇ ਰਹੇ ਹਨ। ਉਨ੍ਹਾਂ ਦਸਿਆ ਕਿ ਜੇਲ ਵਿਭਾਗ ਦੇ ਮੁਲਾਜ਼ਮਾਂ, ਵਾਰਡਨਾਂ ਨੂੰ ਕੈਦੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਮੁਲਾਕਾਤੀਆਂ 'ਤੇ ਸਖ਼ਤ ਨਜ਼ਰ ਰਖਣ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਜੇਲਾਂ ਵਿਚ ਮੋਬਾਈਲ ਫ਼ੋਨ ਚਲ ਹੀ ਨਾ ਸਕਣ। ਉਨ੍ਹਾਂ ਦਸਿਆਂ ਕਿ ਜੇਲਾਂ ਵਿਚ ਲੱਗੇ ਜੈਮਰ 2ਜੀ ਤੇ 3ਜੀ ਫ੍ਰਿਕਵੈਂਸੀ ਨੂੰ ਰੋਕਣ 'ਚ ਤਾਂ ਕਾਮਯਾਬ ਹੋ ਰਹੇ ਹਨ, ਪਰ ਹੁਣ ਤਾਜ਼ਾ 4ਜੀ ਤਕਨੀਕ ਨੂੰ ਅਪਡੇਟ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਮੰਜ਼ੂਰੀ ਮਿਲਣ ਤੋਂ ਬਾਅਜ ਸਾਰੀਆਂ ਜੇਲਾਂ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਜਾਣਕਾਰੀ ਅਨੁਸਾਰ ਜੇਲ ਵਿਭਾਗ ਨੇ ਅਮਰੀਕਾ ਸਥਿਤ ਫ਼ੇਸਬੁੱਕ ਕੰਪਨੀ ਨੂੰ ਕਈ ਗੈਂਗਸਟਰਾਂ ਦਾ ਫ਼ੇਸਬੁੱਕ ਅਕਾਊਂਟ ਬੰਦ ਕਰਨ ਲਈ ਪੱਤਰ ਵੀ ਲਿਖਿਆ ਹੈ। ਫਿਰ ਵੀ ਕਈ ਗੈਂਗਸਟਰਾਂ ਵਲੋਂ ਜੇਲਾਂ 'ਚ ਫ਼ੇਸਬੁੱਕ ਤੇ ਸੋਸ਼ਲ ਮੀਡੀਆਂ 'ਤੇ ਸਰਗਰਮ ਰਹਿਣ ਦੀਆਂ ਰੀਪੋਰਟਾਂ ਮੀਡੀਆਂ 'ਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ, ਜੋ ਕਿ ਪੁਲਿਸ ਲਈ ਚੁਨੌਤੀ ਬਣੀ ਹੋਈ ਹੈ।