ਪਰਲ ਕੰਪਨੀ ਦੀ ਲੁਟ ਦੇ ਸ਼ਿਕਾਰ ਨਿਵੇਸ਼ਕਾਂ ਨੇ ਰੇਲਵੇ ਟਰੈਕ ਕੀਤਾ ਜਾਮ
ਪਰਲਜ਼ ਕੰਪਨੀ ਵਿਚ 6 ਕਰੋੜ ਨਿਵੇਸ਼ਕਾਂ ਦੇ ਫਸੇ 50 ਹਜ਼ਾਰ ਕੋਰੜ ਰੁਪਏ ਵਾਪਸ ਕਰਵਾਉਣ ਲਈ ਪਿਛਲੇ ਢਾਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕੰਪਨੀ ਦੀ ਲੁੱਟ ਦੇ ਸ਼ਿਕਾਰ ਨਿਵੇਸ਼ਕਾਂ....
ਲੁਧਿਆਣਾ, 17 ਅਗੱਸਤ (ਮਹੇਸ਼ਇੰਦਰ ਸਿੰਘ ਮਾਂਗਟ) : ਪਰਲਜ਼ ਕੰਪਨੀ ਵਿਚ 6 ਕਰੋੜ ਨਿਵੇਸ਼ਕਾਂ ਦੇ ਫਸੇ 50 ਹਜ਼ਾਰ ਕੋਰੜ ਰੁਪਏ ਵਾਪਸ ਕਰਵਾਉਣ ਲਈ ਪਿਛਲੇ ਢਾਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕੰਪਨੀ ਦੀ ਲੁੱਟ ਦੇ ਸ਼ਿਕਾਰ ਨਿਵੇਸ਼ਕਾਂ ਦੀ ਜਥੇਬੰਦੀ ਇਨਸਾਫ਼ ਦੀ ਅਵਾਜ਼ ਨੇ ਅੱਜ ਰੇਲਵੇ ਸਟੇਸ਼ਨ ਲਾਗੇ ਸਥਿਤ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਲਾਗ਼ੇ ਦਿੱਲੀ ਰੇਲਵੇ ਟਰੈਕ ਜਾਮ ਕਰ ਦਿਤਾ ਜਿਸ ਨਾਲ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ 'ਤੇ ਰੁਕ ਗਈਆਂ।
ਇਸ ਦਾ ਪਤਾ ਲੱਗਦਿਆਂ ਰੇਲਵੇ ਪ੍ਰਸ਼ਾਸਨ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰੇਲਵੇ ਟਰੈਕ ਖ਼ਾਲੀ ਕਰਵਾਉਣ ਲਈ ਮੌਕੇ ਤੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਰੇਲਵੇ ਸੁਰੱਖਿਆ ਬਲ ਪਹੁੰਚ ਗਏ। ਇਸ ਤੋਂ ਪਹਿਲਾਂ ਨਿਵੇਸ਼ਕਾਂ ਨੇ ਸਥਾਨਕ ਗਿੱਲ ਰੋਡ ਤੇ ਸਥਿਤ ਦਾਣਾ ਮੰਡੀ ਵਿਚ ਰੋਸ ਰੈਲੀ ਕੀਤੀ ਜਿਸ ਵਿਚ ਪੂਰੇ ਪੰਜਾਬ ਸਮੇਤ ਗੁਆਂਢੀ ਸੂਬਿਆਂ ਤੋਂ ਵੀ ਲੁੱਟ ਦਾ ਸ਼ਿਕਾਰ ਹੋਏ ਲੋਕ ਪਹੁੰਚੇ। ਰੈਲੀ ਦੌਰਾਨ ਇਕੱਠੇ ਹੋਏ ਮਰਦ ਔਰਤਾਂ ਨੇ ਪਰਲਜ਼ ਕੰਪਨੀ ਅਤੇ ਕਾਂਗਰਸ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਜਥੇਬੰਦੀ ਦੇ ਪ੍ਰਧਾਨ ਮਹਿੰਦਰਪਾਲ ਦਾਨਗੜ੍ਹ, ਬਲਜੀਤ ਕੌਰ ਸੇਖਾ ਚੇਅਰਮੈਨ, ਗੁਰਸੇਵਕ ਸਿੰਘ ਖੰਡਿਆਲ, ਅਵਤਾਰ ਸਿੰਘ, ਰਣਧੀਰ ਸਿੰਘ, ਕਮਲ ਸ਼ਰਮਾ ਤੋਂ ਇਲਾਵਾ ਆਪ ਪਾਰਟੀ ਦੇ ਵਿਧਾਇਕ ਜੈ ਕਿਸ਼ਨ, ਕੁਲਵੰਤ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਨੇੜੇ ਪਰਲਜ਼ ਕੰਪਨੀ ਦੀ 700 ਏਕੜ ਦੇ ਕਰੀਬ ਜ਼ਮੀਨ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਸਿਮਰਨ ਸੰਧੂ, ਤਿਲਕ ਰਾਜ ਸੱਭਰਵਾਲ, ਪਰਲਜ਼ ਕੰਪਨੀ ਦੇ ਡਾਇਰੈਕਟਰ ਮਨੀਸ਼ ਜਾਖੜ, ਗੁਰਮੀਤ ਸਿੰਘ ਖਾਸੀ ਕਲਾਂ ਆਦਿ ਨੇ ਕਬਜ਼ੇ ਕੀਤੇ ਹੋਏ ਹਨ। ਜਦੋਂ ਕਿ ਸੁਪਰੀਮ ਕੋਰਟ ਵਲੋਂ 2 ਫ਼ਰਵਰੀ 2016 ਵਿਚ ਸੇਵਾ ਮੁਕਤ ਸੁਪਰਮੀ ਕੋਰਟ ਜਸਟਿਸ ਆਰ. ਐਮ. Ñਲੋਢਾ ਦੀ ਅਗਵਾਈ ਹੇਠ ਬਣਾਈ ਕਮੇਟੀ ਨੂੰ ਇਹ ਜ਼ਮੀਨ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਮੋੜਨ ਦੀ ਗੱਲ ਕਹੀ ਸੀ। ਪ੍ਰੰਤੂ ਕਾਂਗਰਸ ਪਾਰਟੀ ਨੇ ਅਪਣੇ ਚਹੇਤਿਆਂ ਨੂੰ ਇਸ ਜ਼ਮੀਨ 'ਤੇ ਕਬਜ਼ੇ ਕਰਵਾਏ ਹੋਏ ਹਨ।
ਜ਼ਿਕਰਯੋਗ ਹੈ ਕਿ ਸਵੇਰੇ 11 ਵਜੇ ਤੋਂ ਸ਼ਾਮੀ 5 ਵਜੇ ਤਕ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਪ੍ਰਦਰਸ਼ਨਕਾਰੀਆਂ ਕੋਲ ਨਹੀਂ ਪਹੁੰਚਿਆ ਸੀ। ਪ੍ਰਦਰਸ਼ਨਕਾਰੀਆਂ ਨੇ ਰੋਸ ਵਿਚ ਆ ਕੇ ਰੇਲਵੇ ਟਰੈਕ ਜਾਮ ਕਰ ਦਿਤਾ। ਖ਼ਬਰ ਲਿਖੇ ਜਾਣ ਤਕ ਪ੍ਰਦਰਸ਼ਨਕਾਰੀਆਂ ਨੂੰ ਉੱਚ ਅਫ਼ਸਰ ਮਨਾਉਣ ਵਿਚ ਲੱਗੇ ਹੋਏ ਸਨ। ਰੇਲਵੇ ਟਰੈਕ ਜਾਮ ਕਰਨ ਨਾਲ ਅੰਮ੍ਰਿਤਸਰ, ਜੰਮੂ, ਫ਼ਿਰੋਜ਼ਪੁਰ, ਦਿੱਲੀ, ਧੂਰੀ ਤੋਂ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਸਟੇਸ਼ਨਾਂ 'ਤੇ ਹੀ ਜਾਮ ਹੋ ਕੇ ਰਹਿ ਗਈਆਂ। ਕੁੱਝ ਰੇਨ ਗੱਡੀਆਂ ਜਿਨ੍ਹਾਂ ਵਿਚ ਅੰਮ੍ਰਿਤਸਰ-ਜੈਪੁਰ, ਸਵਰਾਜ ਐਕਸਪ੍ਰੈਸ, ਫ਼ਿਰੋਜ਼ਪੁਰ ਜਾਣ ਵਾਲੀਆਂ ਪਸੰਜਰ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿਤੀਆਂ ਗਈਆਂ। ਰੇਲਵੇ ਟਰੈਕ ਜਾਮ ਹੋਣ ਕਾਰਨ ਮੁਸਾਫ਼ਰ ਵੀ ਪ੍ਰੇਸ਼ਾਨ ਹੁੰਦੇ ਵੇਖੇ ਗਏ।