Punjab News: ਸੁਨੀਲ ਜਾਖੜ ਨੇ ਤਿਹਾੜ ਜੇਲ 'ਚ ਸੁਬਰਤ ਰਾਏ ਦੀ ਕੈਦ ਨਾਲ ਕੇਜਰੀਵਾਲ ਦੀ ਨਜ਼ਰਬੰਦੀ ਦੀ ਤੁਲਨਾ ਕਰਨ 'ਤੇ CM ਮਾਨ ਨੂੰ ਕੀਤਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਇਹ ਤੁਲਨਾ ਅਣਜਾਣੇ ਵਿਚ ਕੀਤੀ ਹੈ ਜਾਂ ਜਾਣਬੁੱਝ ਕੇ

Sunil Jakhar

Punjab News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਦਿਤੇ ਬਿਆਨ ਨੂੰ ਲੈ ਕੇ ਸਵਾਲ ਚੁੱਕੇ ਹਨ। ਜਾਖੜ ਨੇ ਕਿਹਾ, “ਇਕ ਇੰਟਰਵਿਊ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਨਜ਼ਰਬੰਦੀ ਦੀ ਸੁਬਰਤੋ ਰਾਏ ਦੀ ਤਿਹਾੜ ਜੇਲ ਵਿਚ ਕੈਦ ਦੇ ਨਾਲ ਤੁਲਨਾ ਕੀਤੀ ਹੈ। ਜਿਸ ਤਰ੍ਹਾਂ ਸਹਾਰਾ ਗਰੁੱਪ ਆਫ਼ ਕੰਪਨੀਜ਼ ਦੇ ਸੀਐਮਡੀ ਸੁਬਰਤੋ ਰਾਏ ਅਪਣੀ ਕੰਪਨੀ ਦੇ ਦੋ ਡਾਇਰੈਕਟਰਾਂ ਦੇ ਨਾਲ ਤਿਹਾੜ ਵਿਚ ਸਨ, ਉਸੇ ਤਰਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਅਪਣੇ ਦੋ ਮੰਤਰੀਆਂ ਨਾਲ ਤਿਹਾੜ ਜੇਲ ਵਿਚ ਹਨ”।

ਉਨ੍ਹਾਂ ਅੱਗੇ ਲਿਖਿਆ, “ਇਸ ਤੋਂ ਇਲਾਵਾ, ਜਿਥੇ ਰਾਏ ਅਤੇ ਉਨ੍ਹਾਂ ਦੇ ਡਾਇਰੈਕਟਰਾਂ ਨੂੰ ਚਿੱਟ ਫੰਡ ਘੁਟਾਲੇ ਲਈ ਗ੍ਰਿਫਤਾਰ ਕੀਤਾ ਗਿਆ ਸੀ, ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਦੋ ਮੰਤਰੀਆਂ ਨੂੰ ਸ਼ਰਾਬ ਨੀਤੀ ਘੁਟਾਲੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਭਾਵੇਂ ਦੋਵਾਂ ਦੇ ਕੇਸਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਪਰ ਮੈਨੂੰ ਇਹ ਹੈਰਾਨੀਜਨਕ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਸੁਪਰੀਮੋ ਸ੍ਰੀ ਕੇਜਰੀਵਾਲ ਦੇ ਕੇਸ ਦੀ ਪੈਰਵੀ ਕਰਨ ਲਈ ਲੱਖਾਂ ਗਰੀਬ ਲੋਕਾਂ ਨੂੰ ਠੱਗਣ ਦੇ ਦੋਸ਼ੀ ਵਿਅਕਤੀ ਦੇ ਕੇਸ ਦਾ ਸਹਾਰਾ ਲਿਆ ਹੈ”। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ, “ਪਰ ਹੋਰ ਵੀ ਹੈਰਾਨੀ ਭਰਿਆ ਸਵਾਲ ਤਾਂ ਇਹ ਹੈ ਕਿ ਕੀ ਇਹ ਤੁਲਨਾ ਉਨ੍ਹਾਂ ਨੇ ਅਣਜਾਣੇ ਵਿਚ ਕੀਤੀ ਹੈ ਜਾਂ ਉਨ੍ਹਾਂ ਜਾਣਬੁੱਝ ਕੇ ਅਜਿਹਾ ਕੀਤਾ ਹੈ”।

 

 

ਮੁੱਖ ਮੰਤਰੀ ਨੇ ਇੰਟਰਵਿਊ ਦੌਰਾਨ ਕੀ ਕਿਹਾ

ਦਰਅਸਲ ਇੰਟਰਵਿਊ ਦੌਰਾਨ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੇਜਰੀਵਾਲ ਲਈ ਜੇਲ ਤੋਂ ਸਰਕਾਰ ਚਲਾਉਣਾ ਕਾਨੂੰਨੀ ਹੈ? ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ, “ਸਹਾਰਾ ਗਰੁੱਪ ਦੇ ਸੁਬਰਤੋ ਰਾਏ ਨੂੰ ਚਿੱਟ ਫੰਡ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਗਿਆਸੀ, ਫਿਰ ਵੀ ਉਨ੍ਹਾਂ ਨੇ ਉਸ ਨੂੰ ਜੇਲ ਵਿਚ ਦਫਤਰ ਸਥਾਪਤ ਕਰਨ ਦਿਤਾ। ਕਿਥੇ ਲਿਖਿਆ ਹੈ ਕਿ ਜੇਕਰ ਕੋਈ ਮੌਜੂਦਾ ਮੁੱਖ ਮੰਤਰੀ ਸਲਾਖਾਂ ਪਿੱਛੇ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ”।

 (For more Punjabi news apart from Sunil Jakhar takes dig at CM Mann for comparing Kejriwal's detention with Subrata Roy, stay tuned to Rozana Spokesman)