Punjab News: ਅਕਾਲੀ ਦਲ ਦੀ ਲੀਡਰਸ਼ਿਪ 'ਚ ਸੁਧਾਰਾਂ ਲਈ ਸੁਖਬੀਰ ਤੋਂ ਨਾਰਾਜ਼ ਆਗੂਆਂ ਦੇ ਗਰੁੱਪ ਦਾ ਘੇਰਾ ਵੱਡਾ ਹੋਇਆ

ਏਜੰਸੀ

ਖ਼ਬਰਾਂ, ਰਾਜਨੀਤੀ

ਇਕ ਦਰਜਨ ਤੋਂ ਵੱਧ ਵੱਡੇ ਆਗੂਆਂ ਨੇ ਜਲੰਧਰ ਵਿਚ ਗੁਪਤ ਮੀਟਿੰਗ ਕਰ ਕੇ ਬਣਾਈ ਰਣਨੀਤੀ

File Photo

Punjab News: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੋਕ ਸਭਾ ਦੇ ਚੋਣ ਨਤੀਜਿਆਂ ਵਿਚ ਨਮੋਸ਼ੀਜਨਕ ਹਾਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਬਦਲਾਅ ਅਤੇ ਹੇਠਲੇ ਪੱਧਰ ਤਕ ਲੋਕੰਤਰੀ ਤਰੀਕੇ ਨਾਲ ਮੁੜ ਢਾਂਚਾ ਬਣਾਉਣ ਲਈ ਪਾਰਟੀ ਅੰਦਰ ਸ਼ੁਰੂ ਹੋਈ ਮੁਹਿੰਮ ਦਾ ਘੇਰਾ ਵੱਡਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਵਿਚ ਅਕਾਲੀ ਦਲ ਦੇ ਇਕ ਦਰਜਨ ਤੋਂ ਵੱਧ ਪ੍ਰਮੁੱਖ ਆਗੂਆਂ ਨੇ ਇਕ ਗੁਪਤ ਮੀਟਿੰਗ ਕਰ ਕੇ ਅਪਣੇ ਅਗਲੇ ਕਦਮ ਦਾ ਖਾਕਾ ਉਲੀਕ ਲਿਆ ਹੈ। ਇਸ ਮੀਟਿੰਗ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਭਾਵੇਂ ਜਲੰਧਰ ਵਿਚ ਹੋਈ ਮੀਟਿੰਗ ਨੂੰ ਬਿਲਕੁਲ ਗੁਪਤ ਰਖਿਆ ਗਿਆ ਹੈ ਅਤੇ ਮੀਡੀਆ ਨੂੰ ਵੀ ਜਾਣਕਾਰੀ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਫਿਰ ਵੀ ਕੁੱਝ ਕੁ ਗੱਲਾਂ ਬਾਹਰ ਨਿਕਲ ਆਈਆਂ ਹਨ। ਇਸ ਮੀਟਿੰਗ ਵਿਚ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਮਨਪ੍ਰੀਤ ਇਆਲੀ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ ਤੋਂ ਇਲਾਵਾ ਗਗਨਦੀਪ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਦੇ ਸ਼ਾਮਲ ਹੋਣ ਦੀ ਖ਼ਬਰ ਹੈ।

ਵੱਡੀ ਜਾਣਕਾਰੀ ਇਹ ਮਿਲੀ ਹੈ ਕਿ ਮੀਟਿੰਗ ਵਿਚ ਸ਼ਾਮਲ ਸਾਰੇ ਆਗੂਆਂ ਵਿਚ ਇਸ ਗੱਲ ਉਪਰ ਸਹਿਮਤੀ ਬਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਚਾਉ ਫ਼ਰੰਟ ਬਣਾ ਕੇ ਅੱਗੇ ਵਧਿਆ ਜਾਵੇ। ਅਗਲੀ ਮੀਟਿੰਗ ਵੀ ਅਗਲੇ ਹਫ਼ਤੇ ਸੱਦ ਲਈ ਗਈ ਹੈ ਜਿਸ ਵਿਚ ਤੈਅ ਕੀਤੀ ਰਣਨੀਤੀ ਤਹਿਤ  ਲਈ ਜਾਣ ਵਾਲੇ ਫ਼ੈਸਲਿਆਂ ਨੂੰ ਅੰਤਮ ਰੂਪ ਦੇ ਕੇ ਇਸ ਨੂੰ ਬਕਾਇਦਾ ਜਨਤਕ ਕੀਤਾ ਜਾਵੇਗਾ। ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਦਖ਼ਲ ਦੇਣ ਲਈ ਅਕਾਲ ਤਖ਼ਤ ਸਾਹਿਬ ਕੋਲ ਵੀ ਪਹੁੰਚ ਕਰਨ ਦਾ ਸੁਝਾਅ ਆਇਆ ਹੈ ਅਤੇ ਅਗਲੀ ਮੀਟਿੰਗ ਵਿਚ ਇਸ ਬਾਰੇ ਬਕਾਇਦਾ ਕੋਈ ਫ਼ੈਸਲਾ ਲਿਆ ਜਾਵੇਗਾ। 

ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਭਾਜਪਾ ਨਾਲ ਹੱਥ ਮਿਲਾਉਣ ਬਾਰੇ ਵੀ ਚਰਚਾ ਕਰਦਿਆਂ ਇਸ ਗੱਲ ਉਪਰ ਸਹਿਮਤੀ ਸੀ ਕਿ ਭਾਜਪਾ ਨਾਲ ਤਾਲਮੇਲ ਦੀ ਕੋਈ ਗੱਲ ਨਹੀਂ ਹੋਵੇਗੀ ਅਤੇ ਅਕਾਲੀ ਦਲ ਦੇ ਭਵਿੱਖੀ ਸਰੂਪ ਨੂੰ ਪੰਥਕ ਪਾਰਟੀ ਦੇ ਰੂਪ ਵਿਚ ਹੀ ਬਹਾਲ ਕੀਤਾ ਜਾਵੇਗਾ। ਮੀਟਿੰਗ ਵਿਚਾਰ ਬਾਅਦ ਫ਼ੈਸਲਾ ਕੀਤਾ ਗਿਆ ਕਿ ਜੇ ਸੁਖਬੀਰ ਬਾਦਲ ਲੀਡਰਸ਼ਿਪ ਤਬਦੀਲੀ ਨਹੀਂ ਕਰਦੇ ਤੇ ਅਪਣੀ ਜ਼ਿੱਦ ’ਤੇ ਅੜੇ ਰਹਿੰਦੇ ਹਨ ਤਾਂ ਇਕ ਕਮੇਟੀ ਬਣਾ ਕੇ ਖੁਲ੍ਹੇ ਤੌਰ ’ਤੇ ਅੱਗੇ ਵਧਿਆ ਜਾਵੇਗਾ।

ਇਸ ਮੀਟਿੰਗ ਵਿਚ ਹੇਠਲੇ ਪੱਧਰ ’ਤੇ ਆਗੂਆਂ ਨਾਲ ਵੀ ਸੰਪਰਕ ਕਰਨ ਅਤੇ ਅਗਲੀ ਮੀਟਿੰਗ ਵਿਚ ਜ਼ਿਲ੍ਹਿਆਂ ਦੇ ਪ੍ਰਤੀਨਿਧ ਸ਼ਾਮਲ ਕਰਨ ਬਾਰੇ ਚਰਚਾ ਹੋਣੀ ਹੈ। ਮੀਟਿੰਗ ਵਿਚ ਸ਼ਾਮਲ ਸਾਰੇ ਆਗੂ ਇਸ ਗੱਲ ’ਤੇ ਇਕਜੁਟ ਸਨ ਕਿ ਪਾਰਟੀ ਵਿਚ ਰਹਿ ਕੇ ਹੀ ਬਦਲਾਅ ਦੀ ਮੁਹਿੰਮ ਜਾਰੀ ਰੱਖੀ ਜਾਵੇ ਅਤੇ ਪਾਰਟੀ ਸਰਗਰਮੀਆਂ ਵਿਚ ਸ਼ਾਮਲ ਹੋਇਆ ਜਾਵੇ ਪਰ ਕੋਰ ਕਮੇਟੀ ਮੀਟਿੰਗ ਵਿਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਗਈ ਹੈ।

ਮੀਟਿੰਗ ਵਿਚ ਇਨ੍ਹਾਂ ਆਗੂਆਂ ਵਲੋਂ ਤਿਆਰ ਕੀਤੇ ਜਾ ਰਹੇ ਅਪਣੇ ਏਜੰਡੇ ਵਿਚ ਸ਼੍ਰੋਮਣੀ ਕਮੇਟੀ ਨੂੰ ਖ਼ੁਦਮੁਖਤਿਆਰ ਬਣਾਉਣ ਅਤੇ ਪਾਰਟੀ ਪ੍ਰਧਾਨ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਾ ਬਣਾਏ ਜਾਣ ਦੇ ਨੁਕਤੇ ਵੀ ਸ਼ਾਮਲ ਕੀਤੇ ਜਾ ਰਹੇ ਹਨ। ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਪਾਰਟੀ ਦਾ ਢਾਂਚਾ ਬਣਾਉਣ ਬਾਰੇ ਵੀ ਸੱਭ ਵਿਚ ਸਹਿਮਤੀ ਹੈ।