ਕਾਂਗਰਸ ਵਿਚ ਬਦਲਾਅ ਦੀ ਮੰਗ ਤੇਜ਼: 23 ਨੇਤਾਵਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਪਾਰਟੀ ਵਿਚ ਵੱਡੇ ਫੇਰਬਦਲ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।

Congress

ਨਵੀਂ ਦਿੱਲੀ: ਕਾਂਗਰਸ ਪਾਰਟੀ ਵਿਚ ਵੱਡੇ ਫੇਰਬਦਲ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਖ਼ਬਰ ਆ ਰਹੀ ਹੈ ਕਿ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਵਿਚ ਵੱਡੇ ਬਦਲਾਅ ਦੀ ਮੰਗ ਕੀਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇਤਾਵਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਨੇਤਾਵਾਂ ਨੇ ਪਾਰਟੀ ਵਿਚਲੇ ਅੰਦਰੂਨੀ ਸੰਕਟ ਦਾ ਜ਼ਿਕਰ ਕੀਤਾ ਹੈ ਅਤੇ ਲੀਡਰਸ਼ਿਪ ਦੇ ਮੁੱਦੇ ‘ਤੇ ਸੋਨੀਆ ਗਾਂਧੀ ਨਾਲ ਚਰਚਾ ਦੀ ਮੰਗ ਕੀਤੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿਚ ਮੌਜੂਦਾ ਸਥਿਤੀਆਂ ‘ਤੇ ਸਵਾਲ ਚੁੱਕੇ ਗਏ ਹਨ।

ਚਿੱਠੀ ਲਿਖਣ ਵਾਲੇ ਨੇਤਾਵਾਂ ਨੇ ਸੋਨੀਆ ਗਾਂਧੀ ਦਾ ਸਮਾਂ ਮੰਗਿਆ ਹੈ। ਇਹਨਾਂ ਨੇਤਾਵਾਂ ਵਿਚ ਆਨੰਦ ਸ਼ਰਮਾ, ਗੁਲਾਮ ਨਬੀ ਅਜ਼ਾਦ, ਕਪਿਲ ਸਿੱਬਲ, ਵਿਵੇਕ ਤਨਖਾ, ਪ੍ਰਿਥਵੀ ਰਾਜ ਚਵਾਨ, ਸ਼ਸ਼ੀ ਥਰੂਰ, ਭੁਪਿੰਦਰ ਹੁੱਡਾ, ਰਾਜ ਬੱਬਰ, ਮਨੀਸ਼ ਤਿਵਾੜੀ, ਮੁਕੂਲ ਵਾਸਨਿਕ ਸਮੇਤ ਕਈ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਸ਼ਾਮਲ ਹਨ।

ਇਸ ਚਿੱਠੀ ਵਿਚ ਕਾਂਗਰਸ ਵਰਕਿੰਗ ਕਮੇਟੀ ਵਿਚ ਦੁਬਾਰਾ ਚੋਣਾਂ ਕਰਵਾਉਣ ਅਤੇ ਜ਼ਿੰਮੇਵਾਰੀ ਨੂੰ ਫਿਰ ਤੋਂ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਲਈ ਇਕ ਪ੍ਰਭਾਵਸ਼ਾਲੀ ਸਮੂਹਿਕ ਪ੍ਰਣਾਲੀ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਕਾਂਗਰਸ ਦੀ ਅਗਵਾਈ ਦੇ ਮੁੱਦੇ ‘ਤੇ ਚੱਲ ਰਹੀ ਚਰਚਾ ਦੌਰਾਨ ਪਾਰਟੀ ਦੀ ਸਰਵਉੱਚ ਨੀਤੀ ਨਿਰਮਾਣ ਇਕਾਈ ਕਾਂਗਰਸ ਵਰਕਿੰਗ ਕਮੇਟੀ ਦੇ ਬੈਠਕ ਸੋਮਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਹੋਵੇਗੀ।

ਪਾਰਟੀ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਮੁਤਾਬਕ ਇਹ ਬੈਠਕ ਸੋਮਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸੂਤਰਾਂ ਮੁਤਾਬਕ ਪਾਰਟੀ ਦੀ ਇਸ ਬੈਠਕ ਵਿਚ ਮੌਜੂਦਾ ਸਿਆਸੀ ਮੁੱਦਿਆਂ, ਅਰਥਵਿਵਸਥਾ ਦੀ ਸਥਿਤੀ ਅਤੇ ਕੋਰੋਨਾ ਵਾਇਰਸ ਸੰਕਟ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ।