Chandigarh ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ : ਅਰਵਿੰਦ ਕੇਜਰੀਵਾਲ
ਕਿਹਾ : ਪੰਜਾਬੀਆਂ ਨੇ ਕਦੇ ਵੀ ਕਿਸੇ ਤਾਨਾਸ਼ਾਹੀ ਅੱਗੇ ਆਪਣਾ ਸਿਰ ਨਹੀਂ ਝੁਕਾਇਆ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਭਾਰਤੀ ਜਨਤ ਪਾਰਟੀ ਦੀ ਅਗਵਾਈ ਵਾਲੀ ਵਲੋਂ ਸੰਵਿਧਾਨਕ ਸੋਧਾਂ ਰਾਹੀਂ ਪੰਜਾਬ ਤੋਂ ਚੰਡੀਗੜ੍ਹ 'ਤੇ ਉਸਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਿਸੇ ਆਮ ਕਦਮ ਦਾ ਹਿੱਸਾ ਨਹੀਂ ਹੈ। ਸਗੋਂ ਇਹ ਪੰਜਾਬ ਦੀ ਪਛਾਣ ਅਤੇ ਸੰਵਿਧਾਨਕ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ । ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਅਧਿਕਾਰ ਖੋਹਣ ਲਈ ਸੰਘੀ ਢਾਂਚੇ ਨੂੰ ਤੋੜਨ ਦੀ ਇਹ ਮਾਨਸਿਕਤਾ ਬਹੁਤ ਖਤਰਨਾਕ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਸੁਰੱਖਿਆ, ਅਨਾਜ, ਪਾਣੀ ਅਤੇ ਮਨੁੱਖਤਾ ਲਈ ਹਮੇਸ਼ਾ ਕੁਰਬਾਨੀਆਂ ਦੇਣ ਵਾਲਾ ਪੰਜਾਬ ਅੱਜ ਆਪਣੇ ਹੱਕਦਾਰ ਹਿੱਸੇ ਤੋਂ ਵਾਂਝਾ ਹੈ । ਇਹ ਸਿਰਫ਼ ਇਕ ਪ੍ਰਸ਼ਾਸਕੀ ਫੈਸਲਾ ਨਹੀਂ ਹੈ, ਸਗੋਂ ਪੰਜਾਬ ਦੀ ਆਤਮਾ ਨੂੰ ਜ਼ਖਮੀ ਕਰਨ ਦੇ ਬਰਾਬਰ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਕਦੇ ਵੀ ਕਿਸੇ ਤਾਨਾਸ਼ਾਹੀ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਅਤੇ ਪੰਜਾਬ ਹੁਣ ਵੀ ਨਹੀਂ ਝੁਕੇਗਾ ਅਤੇ ਕੇਂਦਰ ਸਰਕਾਰ ਦੀ ਘਟੀਆ ਰਾਜਨੀਤੀ ਦਾ ਮੋੜਵਾਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਪੰਜਾਬ ਦਾ ਹੀ ਰਹੇਗਾ।