ਮਹਾਰਾਸ਼ਟਰ ਦੇ ਪਰਭਣੀ ’ਚ ਹਿੰਸਾ ਦਾ ਮਾਮਲਾ : ਰਾਹੁਲ ਗਾਂਧੀ ਨੇ ਨਿਆਂਇਕ ਹਿਰਾਸਤ ’ਚ ਮਾਰੇ ਗਏ ਵਿਅਕਤੀ ਦੇ ਪਰਵਾਰ ਨਾਲ ਮੁਲਾਕਾਤ ਕੀਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਸੋਮਨਾਥ ਸੂਰਿਆਵੰਸ਼ੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਦਲਿਤ ਸੀ ਅਤੇ ਸੰਵਿਧਾਨ ਦੀ ਰਖਿਆ ਕਰ ਰਿਹਾ ਸੀ : ਰਾਹੁਲ ਗਾਂਧੀ 

Congress leader Rahul Gandhi meets family of Somnath Suryavanshi who allegedly died in police custody following violence, in Parbhani district, Maharashtra. (PTI Photo)

ਪੁਲਿਸ ’ਤੇ ਸੂਰਿਆਵੰਸ਼ੀ ਦੇ ਕਤਲ ਦਾ ਦੋਸ਼ ਲਾਇਆ, 100 ਫ਼ੀ ਸਦੀ ਹਿਰਾਸਤ ’ਚ ਮੌਤ ਦਾ ਮਾਮਲਾ ਦਸਿਆ

ਪਰਭਣੀ (ਮਹਾਰਾਸ਼ਟਰ) : ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਮਹਾਰਾਸ਼ਟਰ ਦੇ ਸੋਮਨਾਥ ਸੂਰਿਆਵੰਸ਼ੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਦਲਿਤ ਸੀ ਅਤੇ ਸੰਵਿਧਾਨ ਦੀ ਰੱਖਿਆ ਕਰ ਰਿਹਾ ਸੀ। 

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਰਭਣੀ ’ਚ ਸੂਰਿਆਵੰਸ਼ੀ ਦੇ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਦੋਸ਼ ਲਾਇਆ ਕਿ ਪੁਲਿਸ ਨੇ ਸੂਰਿਆਵੰਸ਼ੀ ਦੀ ਹੱਤਿਆ ਕੀਤੀ ਸੀ ਅਤੇ ਇਹ ‘100 ਫੀ ਸਦੀ ਹਿਰਾਸਤ ’ਚ ਮੌਤ’ ਦਾ ਮਾਮਲਾ ਹੈ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਸੂਰਿਆਵੰਸ਼ੀ ਦੇ ਪਰਵਾਰਕ ਜੀਆਂ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਪੋਸਟਮਾਰਟਮ ਰੀਪੋਰਟ ਦੇ ਨਾਲ ਕੁੱਝ ਤਸਵੀਰਾਂ ਅਤੇ ਵੀਡੀਉ ਵਿਖਾਏ। 

ਜ਼ਿਕਰਯੋਗ ਹੈ ਕਿ 10 ਦਸੰਬਰ ਦੀ ਸ਼ਾਮ ਨੂੰ ਮਰਾਠਵਾੜਾ ਖੇਤਰ ਦੇ ਪਰਭਨੀ ਕਸਬੇ ’ਚ ਰੇਲਵੇ ਸਟੇਸ਼ਨ ਦੇ ਬਾਹਰ ਡਾ. ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਨੇੜੇ ਸੰਵਿਧਾਨ ਦੀ ਨਕਲ ਤੋੜੀ ਗਈ ਸੀ। ਪਰਭਣੀ ਦੇ ਸ਼ੰਕਰ ਨਗਰ ਦਾ ਰਹਿਣ ਵਾਲਾ ਸੂਰਿਆਵੰਸ਼ੀ (35) ਹਿੰਸਾ ਦੇ ਸਬੰਧ ’ਚ ਗ੍ਰਿਫਤਾਰ ਕੀਤੇ ਗਏ 50 ਤੋਂ ਵੱਧ ਲੋਕਾਂ ’ਚ ਸ਼ਾਮਲ ਸੀ। 

ਪੁਲਿਸ ਅਨੁਸਾਰ ਪਰਭਣੀ ਜ਼ਿਲ੍ਹਾ ਕੇਂਦਰੀ ਜੇਲ੍ਹ ’ਚ ਨਿਆਂਇਕ ਹਿਰਾਸਤ ’ਚ ਬੰਦ ਸੂਰਿਆਵੰਸ਼ੀ ਦੀ ਛਾਤੀ ’ਚ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ 15 ਦਸੰਬਰ ਨੂੰ ਮੌਤ ਹੋ ਗਈ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਰਭਣੀ ਹਿੰਸਾ ਦੀ ਨਿਆਂਇਕ ਜਾਂਚ ਦੇ ਹੁਕਮ ਦਿਤੇ ਹਨ। ਫੜਨਵੀਸ ਨੇ ਹਾਲ ਹੀ ’ਚ ਰਾਜ ਵਿਧਾਨ ਸਭਾ ਨੂੰ ਦਸਿਆ ਸੀ ਕਿ ਸੂਰਿਆਵੰਸ਼ੀ ਨੇ ਮੈਜਿਸਟਰੇਟ ਨੂੰ ਦਸਿਆ ਸੀ ਕਿ ਉਸ ਨੂੰ ਤਸੀਹੇ ਨਹੀਂ ਦਿਤੇ ਗਏ ਸਨ ਅਤੇ ਸੀ.ਸੀ.ਟੀ.ਵੀ. ਫੁਟੇਜ ’ਚ ਵੀ ਬੇਰਹਿਮੀ ਦਾ ਕੋਈ ਸਬੂਤ ਨਹੀਂ ਵਿਖਾਇਆ ਗਿਆ ਸੀ। 

ਸੂਰਿਆਵੰਸ਼ੀ ਦੇ ਪਰਵਾਰ ਨਾਲ ਮੁਲਾਕਾਤ ਤੋਂ ਬਾਅਦ ਗਾਂਧੀ ਨੇ ਕਿਹਾ, ‘‘ਨੌਜੁਆਨ ਦੀ ਹੱਤਿਆ ਇਸ ਲਈ ਕੀਤੀ ਗਈ ਕਿਉਂਕਿ ਉਹ ਦਲਿਤ ਸੀ ਅਤੇ ਸੰਵਿਧਾਨ ਦੀ ਰੱਖਿਆ ਕਰ ਰਿਹਾ ਸੀ। ਇਹ 100 ਫ਼ੀ ਸਦੀ ਹਿਰਾਸਤ ’ਚ ਮੌਤਾਂ ਦਾ ਮਾਮਲਾ ਹੈ। ਪੁਲਿਸ ਨੇ ਉਸ ਨੂੰ ਮਾਰ ਦਿਤਾ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਸੰਦੇਸ਼ ਦੇਣ ਲਈ ਵਿਧਾਨ ਸਭਾ ’ਚ ਝੂਠ ਬੋਲਿਆ। ਆਰ.ਐਸ.ਐਸ. (ਰਾਸ਼ਟਰੀ ਸਵੈਮਸੇਵਕ ਸੰਘ) ਦੀ ਵਿਚਾਰਧਾਰਾ ਸੰਵਿਧਾਨ ਨੂੰ ਤਬਾਹ ਕਰਨਾ ਹੈ।’’ ਗਾਂਧੀ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਅਕਤੀ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਤੀ ਜਾਣੀ ਚਾਹੀਦੀ ਹੈ।