ਵਿਰੋਧੀ ਗਠਜੋੜ ‘ਇੰਡੀਆ’ ਨੂੰ ਝਟਕਾ, ਮਮਤਾ ਬੈਨਰਜੀ ਨੇ ਪਛਮੀ ਬੰਗਾਲ ’ਚ ਇਕੱਲੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਕਾਂਗਰਸ ਨੂੰ 300 ਸੀਟਾਂ ’ਤੇ ਚੋਣ ਲੜਨ ਦਿਉ, ਬਾਕੀ ਸੂਬਾਈ ਪਾਰਟੀਆਂ ਇਕਜੁਟ

Mamata Banerjee

ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਸੂਬੇ ’ਚ ਆਗਾਮੀ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਫ਼ੈਸਲਾ ਕੀਤਾ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਉਨ੍ਹਾਂ (ਕਾਂਗਰਸ) ਨੂੰ ਸੀਟਾਂ ਦੀ ਵੰਡ ਦਾ ਪ੍ਰਸਤਾਵ ਦਿਤਾ ਸੀ ਪਰ ਉਨ੍ਹਾਂ ਨੇ ਸ਼ੁਰੂ ’ਚ ਹੀ ਇਸ ਨੂੰ ਰੱਦ ਕਰ ਦਿਤਾ। ਸਾਡੀ ਪਾਰਟੀ ਨੇ ਹੁਣ ਬੰਗਾਲ ਵਿਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ।’’ ਮੁੱਖ ਮੰਤਰੀ ਨੇ ਸੀਟਾਂ ਦੀ ਵੰਡ ਬਾਰੇ ਮੀਡੀਆ ਰੀਪੋਰਟਾਂ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਕਾਂਗਰਸ ਦੇ ਕਿਸੇ ਵੀ ਮੈਂਬਰ ਨਾਲ ਗੱਲ ਨਹੀਂ ਕੀਤੀ ਹੈ। 

ਉਨ੍ਹਾਂ ਕਿਹਾ, ‘‘ਹੁਣ ਅਸੀਂ ਫੈਸਲਾ ਕੀਤਾ ਹੈ ਕਿ ਬੰਗਾਲ ’ਚ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ।’’ ਸੂਤਰਾਂ ਮੁਤਾਬਕ ਮਮਤਾ ਦੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਸ ਨੂੰ ਸਿਰਫ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਲੈ ਕੇ ਦੋਹਾਂ ਪਾਰਟੀਆਂ ’ਚ ਖਿੱਚੋਤਾਣ ਵਧ ਗਿਆ ਹੈ। ਪਛਮੀ ਬੰਗਾਲ ਦੀਆਂ ਦੋ ਪ੍ਰਮੁੱਖ ਪਾਰਟੀਆਂ ਤ੍ਰਿਣਮੂਲ ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) 28 ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਬੈਨਰਜੀ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਸੂਬੇ ’ਚ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੋਵੇਗਾ। 

ਉਨ੍ਹਾਂ ਦੀ ਇਹ ਟਿਪਣੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਪਛਮੀ ਬੰਗਾਲ ’ਚ ਦਾਖਲ ਹੋਣ ਤੋਂ ਇਕ ਦਿਨ ਪਹਿਲਾਂ ਆਈ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਅਪਣੇ ਦਮ ’ਤੇ 300 ਸੀਟਾਂ ’ਤੇ ਚੋਣ ਲੜਨ ਦਿਉ। ਖੇਤਰੀ ਪਾਰਟੀਆਂ ਇਕਜੁੱਟ ਹਨ ਅਤੇ ਬਾਕੀ ਸੀਟਾਂ ’ਤੇ ਚੋਣ ਲੜ ਸਕਦੀਆਂ ਹਨ। ਹਾਲਾਂਕਿ, ਅਸੀਂ ਉਨ੍ਹਾਂ (ਕਾਂਗਰਸ) ਦੀ ਕਿਸੇ ਵੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ।’’

ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਪਿੱਛੇ ਜਿਹੇ ਕੋਲਕਾਤਾ ’ਚ ਇਕ ਰੈਲੀ ’ਚ ਅਜਿਹੀ ਹੀ ਟਿਪਣੀ ਕੀਤੀ ਸੀ ਜਿੱਥੇ ਉਸ ਨੇ ਕੁੱਝ ਖੇਤਰਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁਧ ਲੜਾਈ ਦੀ ਅਗਵਾਈ ਕਰਨ ਲਈ ਸੂਬਾਈ ਆਗੂਆਂ ਦੇ ਵਿਚਾਰ ਦਾ ਸਮਰਥਨ ਕੀਤਾ ਸੀ ਅਤੇ ਸੁਝਾਅ ਦਿਤਾ ਸੀ ਕਿ ਕਾਂਗਰਸ ਅਪਣੇ ਦਮ ’ਤੇ 300 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਵਿਰੋਧੀ ਗੱਠਜੋੜ ਪ੍ਰਤੀ ਅਟੁੱਟ ਵਚਨਬੱਧਤਾ ਜ਼ਾਹਰ ਕਰਦਿਆਂ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕਿਹਾ, ‘‘ਕੌਮੀ ਪੱਧਰ ’ਤੇ ਅਸੀਂ ਚੋਣਾਂ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਹਿੱਸੇ ਵਜੋਂ ਅਪਣੀ ਰਣਨੀਤੀ ਤੈਅ ਕਰਾਂਗੇ। ਅਸੀਂ ਭਾਜਪਾ ਨੂੰ ਹਰਾਉਣ ਲਈ ਜੋ ਵੀ ਕਰ ਸਕਦੇ ਹਾਂ ਕਰਾਂਗੇ।’’

ਤ੍ਰਿਣਮੂਲ ਕਾਂਗਰਸ ਨੇ ਹਾਲ ਹੀ ’ਚ ‘ਇੰਡੀਆ’ ਗੱਠਜੋੜ ਦੀ ਵਰਚੁਅਲ ਬੈਠਕ ਤੋਂ ਦੂਰੀ ਬਣਾਈ ਰੱਖੀ ਸੀ ਅਤੇ ਕਾਂਗਰਸ ਨੂੰ ਬੰਗਾਲ ’ਚ ਅਪਣੀਆਂ ਹੱਦਾਂ ਨੂੰ ਪਛਾਣਨ ਅਤੇ ਤ੍ਰਿਣਮੂਲ ਕਾਂਗਰਸ ਨੂੰ ਸੂਬੇ ’ਚ ਸਿਆਸੀ ਲੜਾਈ ਦੀ ਅਗਵਾਈ ਕਰਨ ਦੀ ਇਜਾਜ਼ਤ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਸੀ। ਤ੍ਰਿਣਮੂਲ ਕਾਂਗਰਸ ਨੇ 2001 ਦੀਆਂ ਵਿਧਾਨ ਸਭਾ ਚੋਣਾਂ, 2009 ਦੀਆਂ ਲੋਕ ਸਭਾ ਚੋਣਾਂ ਅਤੇ 2011 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕੀਤਾ ਸੀ। ਇਸ ਗੱਠਜੋੜ ਨੇ 2011 ਦੀਆਂ ਚੋਣਾਂ ’ਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਅਗਵਾਈ ਵਾਲੀ 34 ਸਾਲ ਪੁਰਾਣੀ ਖੱਬੇ ਮੋਰਚੇ ਦੀ ਸਰਕਾਰ ਨੂੰ ਹਟਾ ਦਿਤਾ ਸੀ।  

ਤ੍ਰਿਣਮੂਲ ਕਾਂਗਰਸ ਤੋਂ ਸੀਟਾਂ ਦੀ ਭੀਖ ਨਹੀਂ ਮੰਗੇਗੀ ਕਾਂਗਰਸ : ਅਧੀਰ ਚੌਧਰੀ

ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਛਮੀ ਬੰਗਾਲ ’ਚ ਸੱਤਾਧਾਰੀ ਪਾਰਟੀ ਤੋਂ ਸੀਟਾਂ ਦੀ ਭੀਖ ਨਹੀਂ ਮੰਗੇਗੀ। 2019 ਦੀਆਂ ਲੋਕ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੇ 22, ਕਾਂਗਰਸ ਨੇ ਦੋ ਅਤੇ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ। 

ਮਮਤਾ ਤੋਂ ਬਗ਼ੈਰ ‘ਇੰਡੀਆ’ ਗੱਠਜੋੜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਕਾਂਗਰਸ 

ਬੋਂਗਾਈਗਾਉਂ (ਅਸਾਮ): ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਤੋਂ ਬਿਨਾਂ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। 

ਪਾਰਟੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਅਸਾਮ ਦੇ ਉੱਤਰੀ ਸਲਮਾਰਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਉਮੀਦ ਪ੍ਰਗਟਾਈ ਕਿ ਪਛਮੀ ਬੰਗਾਲ ’ਚ ਵਿਰੋਧੀ ਗੱਠਜੋੜ ‘ਇੰਡੀਆ’ ਮਿਲ ਕੇ ਚੋਣਾਂ ਲੜੇਗਾ। ਉਨ੍ਹਾਂ ਕਿਹਾ, ‘‘ਤੁਸੀਂ ਮਮਤਾ ਜੀ ਦਾ ਪੂਰਾ ਬਿਆਨ ਨਹੀਂ ਪੜ੍ਹਿਆ। ਪੂਰਾ ਬਿਆਨ ਇਹ ਹੈ ਕਿ ਅਸੀਂ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਾਂ ਅਤੇ ਭਾਜਪਾ ਨੂੰ ਹਰਾਉਣ ਲਈ ਕੋਈ ਕਦਮ ਪਿੱਛੇ ਨਹੀਂ ਹਟਾਂਗੇ। ਇਸੇ ਭਾਵਨਾ ਨਾਲ ਅਸੀਂ (ਭਾਰਤ ਜੋੜੋ ਨਿਆਂ ਯਾਤਰਾ) ਪਛਮੀ ਬੰਗਾਲ ’ਚ ਦਾਖਲ ਹੋ ਰਹੇ ਹਾਂ।’’

ਉਨ੍ਹਾਂ ਕਿਹਾ, ‘‘ਕਦੇ ਰਸਤੇ ’ਚ ਸਪੀਡ ਬ੍ਰੇਕਰ ਹੁੰਦਾ ਹੈ, ਕਦੇ ਲਾਲ ਬੱਤੀ ਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਿੱਛੇ ਹਟ ਜਾਂਦੇ ਹਾਂ ... ਕੱਲ੍ਹ ਰਾਹੁਲ ਜੀ ਤੋਂ ਇਹੀ ਸਵਾਲ ਪੁਛਿਆ ਗਿਆ ਸੀ ਅਤੇ ਰਾਹੁਲ ਗਾਂਧੀ ਜੀ ਨੇ ਸਪੱਸ਼ਟ ਜਵਾਬ ਦਿਤਾ ਸੀ ਕਿ ਤ੍ਰਿਣਮੂਲ ਕਾਂਗਰਸ ਅਤੇ ਮਮਤਾ ਜੀ ‘ਇੰਡੀਆ’ ਗੱਠਜੋੜ ਦੇ ਮਹੱਤਵਪੂਰਨ ਥੰਮ੍ਹ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਮਮਤਾ ਜੀ ਤੋਂ ਬਿਨਾਂ ‘ਇੰਡੀਆ’ ਗੱਠਜੋੜ ਦੀ ਕਲਪਨਾ ਨਹੀਂ ਕਰ ਸਕਦੇ। ‘ਇੰਡੀਆ’ ਗੱਠਜੋੜ ਪਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਲੜੇਗਾ ਅਤੇ ਸਾਰੇ (ਭਾਈਵਾਲ) ਹਿੱਸਾ ਲੈਣਗੇ।’’

ਉਨ੍ਹਾਂ ਉਮੀਦ ਪ੍ਰਗਟਾਈ ਕਿ ਜੋ ਗੱਲਬਾਤ ਚੱਲ ਰਹੀ ਹੈ, ਉਸ ਨਾਲ ਕੋਈ ਵਿਚਕਾਰਲਾ ਰਸਤਾ ਲੱਭ ਪਵੇਗਾ ਅਤੇ ‘ਇੰਡੀਆ’ ਗੱਠਜੋੜ ਪਛਮੀ ਬੰਗਾਲ ’ਚ ਚੋਣਾਂ ਲੜੇਗਾ। 

ਬੰਗਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਤ੍ਰਿਣਮੂਲ ਕਾਂਗਰਸ ਦੇ ਹਿੱਸਾ ਲੈਣ ਦੀ ਸੰਭਾਵਨਾ ਨਹੀਂ

ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ 25 ਜਨਵਰੀ ਨੂੰ ਪਛਮੀ ਬੰਗਾਲ ’ਚ ਦਾਖਲ ਹੋਣ ’ਤੇ ਭਾਰਤ ਜੋੜੋ ਨਿਆਂ ਯਾਤਰਾ ’ਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਬਾਰੇ ਮਮਤਾ ਬੈਨਰਜੀ ਨੇ ਵੀ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਉਨ੍ਹਾਂ ਨੂੰ ਸੂਬੇ ’ਚ ਯਾਤਰਾ ਦੇ ਪ੍ਰੋਗਰਾਮ ਬਾਰੇ ਸੂਚਿਤ ਨਹੀਂ ਕੀਤਾ ਹੈ। ਇਹ ਯਾਤਰਾ ਵੀਰਵਾਰ ਨੂੰ ਪਛਮੀ ਬੰਗਾਲ ’ਚ ਦਾਖਲ ਹੋਵੇਗੀ। ਉਨ੍ਹਾਂ ਕਿਹਾ, ‘‘ਸ਼ਿਸ਼ਟਾਚਾਰ ਨਾਤੇ ਕੀ ਉਨ੍ਹਾਂ (ਕਾਂਗਰਸ) ਨੇ ਮੈਨੂੰ ਦਸਿਆ ਕਿ ਉਹ ਯਾਤਰਾ ਲਈ ਬੰਗਾਲ ਆ ਰਹੇ ਹਨ, ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।’’ 

ਇਹ ਯਾਤਰਾ 25 ਜਨਵਰੀ ਨੂੰ ਬਿਹਾਰ ਜ਼ਿਲ੍ਹੇ ਦੇ ਬਕਸੀਰਹਾਟ ਹੁੰਦੇ ਹੋਏ ਪਛਮੀ ਬੰਗਾਲ ’ਚ ਦਾਖਲ ਹੋਣ ਦੀ ਸੰਭਾਵਨਾ ਹੈ। ਇਹ ਯਾਤਰਾ 26-27 ਜਨਵਰੀ ਨੂੰ ਦੋ ਦਿਨਾਂ ਦੇ ਰੁਕਣ ਤੋਂ ਬਾਅਦ ਜਲਪਾਈਗੁੜੀ, ਅਲੀਪੁਰਦੁਆਰ, ਉੱਤਰ ਦਿਨਾਜਪੁਰ ਅਤੇ ਦਾਰਜੀਲਿੰਗ ਤੋਂ ਹੁੰਦੀ ਹੋਈ 29 ਜਨਵਰੀ ਨੂੰ ਬਿਹਾਰ ਪਹੁੰਚੇਗੀ।

ਇਹ 31 ਜਨਵਰੀ ਨੂੰ ਮਾਲਦਾ ਰਾਹੀਂ ਪਛਮੀ ਬੰਗਾਲ ’ਚ ਦੁਬਾਰਾ ਦਾਖਲ ਹੋਵੇਗੀ ਅਤੇ 1 ਫਰਵਰੀ ਨੂੰ ਰਾਜ ਛੱਡਣ ਤੋਂ ਪਹਿਲਾਂ ਮੁਰਸ਼ਿਦਾਬਾਦ ਤੋਂ ਲੰਘੇਗੀ। ਮਾਲਦਾ ਅਤੇ ਮੁਰਸ਼ਿਦਾਬਾਦ ਦੋਵੇਂ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਹਨ। ਤ੍ਰਿਣਮੂਲ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ, ‘‘ਸਾਨੂੰ ਕਾਂਗਰਸ ਤੋਂ ਕੋਈ ਰਸਮੀ ਸੱਦਾ ਨਹੀਂ ਮਿਲਿਆ ਹੈ। ਅਤੇ ਸਾਨੂੰ ਮਿਲਦਾ ਵੀ ਹੈ ਤਾਂ ਵੀ ਸਾਡੇ ਹਾਜ਼ਰ ਹੋਣ ਦੀ ਸੰਭਾਵਨਾ ਨਹੀਂ ਹੈ।’’ 

ਮਮਤਾ ਦਾ ਇਕੱਲੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਵਿਰੋਧੀ ਗੱਠਜੋੜ ‘ਭਾਰਤ‘ ਲਈ ਮੌਤ ਦੀ ਘੰਟੀ ਹੈ: ਭਾਜਪਾ 

ਨਵੀਂ ਦਿੱਲੀ, 24 ਜਨਵਰੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁਧਵਾਰ ਨੂੰ ਕਿਹਾ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦਾ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਫੈਸਲਾ ਉਨ੍ਹਾਂ ਦੀ ਨਿਰਾਸ਼ਾ ਦਾ ਸੰਕੇਤ ਹੈ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਲਈ ਮੌਤ ਦੀ ਘੰਟੀ ਹੈ। ਪਛਮੀ ਬੰਗਾਲ ਲਈ ਭਾਜਪਾ ਦੇ ਸਹਿ-ਇੰਚਾਰਜ ਅਤੇ ਪਾਰਟੀ ਦੇ ਆਈ.ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਪਛਮੀ ਬੰਗਾਲ ਵਿਚ ਇਕੱਲੇ ਚੋਣ ਲੜਨ ਦਾ ਮਮਤਾ ਬੈਨਰਜੀ ਦਾ ਫੈਸਲਾ ਨਿਰਾਸ਼ਾ ਦਾ ਸੰਕੇਤ ਹੈ। ਅਪਣੀ ਸਿਆਸੀ ਜ਼ਮੀਨ ਬਚਾਉਣ ’ਚ ਅਸਮਰੱਥ ਉਹ ਸਾਰੀਆਂ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਤਾਂ ਜੋ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਦੀ ਪ੍ਰਸੰਗਿਕਤਾ ਬਣੀ ਰਹੇ।’’ ਮਾਲਵੀਆ ਨੇ ਕਿਹਾ ਕਿ ਕਿਸੇ ਨੇ ਵੀ ਵਿਰੋਧੀ ਗੱਠਜੋੜ ਦਾ ਚਿਹਰਾ ਬਣਨ ਦੀ ਉਨ੍ਹਾਂ ਦੀ ਇੱਛਾ ਦੇ ਵਿਰੁਧ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਨਹੀਂ ਰੱਖਿਆ। (ਪੀਟੀਆਈ)

ਅਚਾਨਕ ਕਾਰ ਦੀ ਬ੍ਰੇਕ ਮਾਰਨ ਕਾਰਨ ਮਮਤਾ ਦੇ ਮੱਥੇ ’ਤੇ ਸੱਟ ਲੱਗੀ 

ਬਰਧਮਾਨ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ’ਤੇ ਬੁਧਵਾਰ ਨੂੰ ਉਸ ਸਮੇਂ ਸੱਟ ਲੱਗ ਗਈ ਜਦੋਂ ਉਨ੍ਹਾਂ ਦੀ ਕਾਰ ਨੂੰ ਕਿਸੇ ਹੋਰ ਗੱਡੀ ਨਾਲ ਟਕਰਾਉਣ ਤੋਂ ਬਚਣ ਲਈ ਅਚਾਨਕ ਰੋਕਣਾ ਪਿਆ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਬੈਨਰਜੀ ਕਾਰ ਦੇ ਅੱਗੇ ਡਰਾਈਵਰ ਦੇ ਨਾਲ ਬੈਠੀ ਸੀ ਅਤੇ ਉਨ੍ਹਾਂ ਦਾ ਮੱਥਾ ਅੱਗੇ ਦੇ ਵਿੰਡਸ਼ੀਲਡ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੋਲਕਾਤਾ ਲਿਆਂਦਾ ਜਾ ਰਿਹਾ ਹੈ ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰਨਗੇ। ਬੈਨਰਜੀ ਇਕ ਪ੍ਰਸ਼ਾਸਕੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪੂਰਬ ਬਰਧਵਾਨ ਗਏ ਸਨ।