ਕਾਂਗਰਸ ਨੇ 'ਸੰਵਿਧਾਨ ਬਚਾਉ' ਮੁਹਿੰਮ ਦੀ ਕੀਤੀ ਸ਼ੁਰੂਆਤ ਮੋਦੀ ਸਰਕਾਰ ਤੇ ਰਾਖਵਾਂਕਰਨ ਖ਼ਤਮ ਕਰਨ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਗਮ 'ਚ ਗੂੰਜੇ 'ਜੈ ਭੀਮ ਤੇ ਬਾਬਾ ਸਾਹਿਬ ਅਮਰ ਰਹੇ' ਦੇ ਨਾਹਰੇ

Rahul Gandhi

 ਕਾਂਗਰਸੀ ਨੇਤਾਵਾਂ ਨੇ ਮੋਦੀ ਸਰਕਾਰ 'ਤੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਰਾਖਵਾਂਕਰਨ ਖ਼ਤਮ ਕਰਨ ਦੀ ਸਾਜਿਸ਼ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਵਿਧਾਨ ਬਚਾਉਣ ਲਈ ਸਾਰਿਆਂ ਨੂੰ ਇਕਜੁਟ ਹੋਣਾ ਹੋਵੇਗਾ। 'ਸੰਵਿਧਾਨ ਬਚਾਉ' ਮੁਹਿੰਮ ਦੀ ਸ਼ੁਰੂਆਤ ਦੇ ਮੌਕੇ 'ਤੇ ਕਾਂਗਰਸੀ ਨੇਤਾਵਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵਿਚ ਦਲਿਤਾਂ 'ਤੇ ਅੱਤਿਆਚਾਰ ਬਹੁਤ ਵਧ ਗਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਪੀਐਲ ਪੂਨੀਆ ਨੇ ਕਿਹਾ ਕਿ ਸੰਵਿਧਾਨ ਸੰਕਟ ਵਿਚ ਹੈ। ਸੁਪਰੀਮ ਕੋਰਟ ਦੇ ਜੱਜ ਇਹ ਗੱਲ ਕਹਿ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਖਵਾਂਕਰਨ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ ਹੈ।ਵਾਰ-ਵਾਰ ਇਸ ਤਰ੍ਹਾਂ ਦੇ ਬਿਆਨ ਦਿਤੇ ਜਾ ਰਹੇ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਰਾਖਵਾਂਕਰਨ ਨਿਸ਼ਾਨੇ 'ਤੇ ਹੈ। ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਦੀ ਸੋਚ ਸਮਾਜ ਵਿਚ ਦਰਾੜ ਪੈਦਾ ਕਰਨ ਵਾਲੀ ਹੈ। ਇਸੇ ਸੋਚ ਵਿਰੁਧ ਕਾਂਗਰਸ ਅਤੇ ਰਾਹੁਲ ਗਾਂਧੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਲਿਤ ਸਮਾਜ ਅਤੇ ਦੂਜੇ ਸਮਾਜ ਕਾਂਗਰਸ ਦੇ ਨਾਲ ਖੜ੍ਹੇ ਹਨ। ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਵਿਰੁਧ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ। ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਪ੍ਰਧਾਨ ਨਿਤਿਨ ਰਾਓ ਨੇ ਕਿਹਾ ਕਿ ਇਸ ਸਰਕਾਰ ਵਿਚ ਦਲਿਤਾਂ ਅਤੇ ਆਦਿਵਾਸੀਆਂ 'ਤੇ ਅੱਤਿਆਚਾਰ ਬਹੁਤ ਵਧ ਗਏ ਹਨ। ਇਸ ਦੀ ਵਜ੍ਹਾ ਭਾਜਪਾ ਅਤੇ ਆਰਐਸਐਸ ਦੀ ਜਾਤੀਵਾਦੀ ਵਿਚਾਰਧਾਰਾ ਹੈ। ਇਹ ਲੋਕ ਸਮਾਜ ਨੂੰ ਵੰਡ ਰਹੇ ਹਨ। ਸਮਾਗਮ ਵਿਚ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਗਹਿਲੋਤ, ਗ਼ੁਲਾਮ ਨਬੀ ਆਜ਼ਾਦ, ਦਿਗਵਿਜੈ ਸਿੰਘ, ਸੁਸ਼ੀਲ ਕੁਮਾਰ ਸ਼ਿੰਦੇ ਵੀ ਮੌਜੂਦ ਸਨ। 

'ਸੰਵਿਧਾਨ ਬਚਾਉ' ਮੁਹਿੰਮ ਦੀ ਸ਼ੁਰੂਆਤ ਦੇ ਮੌਕੇ 'ਤੇ ਸੰਵਿਧਾਨ ਨਿਰਮਾਤਾ ਭੀਮ ਰਾਉ ਅੰਬੇਦਕਰ ਦੇ ਨਾਲ ਸਾਬਕਾ ਰਾਸ਼ਟਰਪਤੀ ਕੇ.ਆਰ ਨਰਾਇਣਨ, ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਵਰਗੇ ਪ੍ਰਮੁੱਖ ਦਲਿਤ ਨੇਤਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਸਮਾਗਮ ਵਿਚ ਮੌਜੂਦ ਲੋਕਾਂ ਨੇ 'ਜੈ ਭੀਮ' ਅਤੇ 'ਬਾਬਾ ਸਾਹਿਬ ਅਮਰ ਰਹੇ' ਦੇ ਨਾਅਰੇ ਲਗਾਏ। ਕਾਂਗਰਸ ਦੀ 'ਸੰਵਿਧਾਨ ਬਚਾਉ' ਮੁਹਿੰਮ ਦਾ ਮਕਸਦ ਸੰਵਿਧਾਨ ਅਤੇ ਦਲਿਤਾਂ 'ਤੇ ਕਥਿਤ ਹਮਲਿਆਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ 'ਤੇ ਜ਼ੋਰ ਸ਼ੋਰ ਨਾਲ ਉਠਾਉਣਾ ਹੈ। ਕਾਂਗਰਸ ਦੇ ਇਕ ਅਹੁਦੇਦਾਰ ਨੇ ਦਸਿਆ ਕਿ ਇਸ ਪ੍ਰੋਗਰਾਮ ਵਿਚ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਤੋਂ ਦਲਿਤ ਸਮਾਜ ਦੇ ਲੋਕ ਆਏ ਹਨ। ਇਹ ਲੋਕ ਮੋਦੀ ਸਰਕਾਰ ਦੀ ਦਲਿਤ ਅਤੇ ਆਦਿਵਾਸੀ ਵਿਰੋਧੀ ਨੀਤੀਆਂ ਵਿਰੁਧ ਰਾਹੁਲ ਗਾਂਧੀ ਦੇ ਸੰਘਰਸ਼ ਨੂੰ ਸਮਰਥਨ ਦੇਣ ਪਹੁੰਚੇ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ 'ਸੰਵਿਧਾਨ ਬਚਾਉ' ਮੁਹਿੰਮ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਲਿਤ ਸਮਾਜ ਦੇ ਵਿਚਕਾਰ ਅਪਣੀ ਪੈਂਠ ਵਧਾਉਣ ਦੇ ਯਤਨ ਤਹਿਤ ਸ਼ੁਰੂ ਕੀਤੀ ਹੈ। ਹਾਲ ਹੀ ਦੇ ਦਿਨਾਂ ਵਿਚ ਸੁਪਰੀਮ ਕੋਰਟ ਵਲੋਂ ਐਸਸੀ-ਐਸਟੀ ਕਾਨੂੰਨ ਵਿਚ ਕਥਿਤ ਤੌਰ 'ਤੇ ਬਦਲਾਅ ਦੇ ਮੁੱਦੇ 'ਤੇ ਦਲਿਤ ਭੜਕੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਇਸ ਮੌਕੇ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਅਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਇਸੇ ਨੂੰ ਧਿਆਨ ਵਿਚ ਰੱਖ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।          (ਏਜੰਸੀਆਂ)