ਅਰਨਬ ਗੋਸਵਾਮੀ ਦੀ ਕਾਰ 'ਤੇ ਹਮਲਾ, ਦੋ ਗ੍ਰਿਫ਼ਤਾਰ
ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਬੁਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪੱਤਰਕਾਰ ਅਰਨਬ ਗੋਸਵਾਮੀ ਦੀ ਕਾਰ 'ਤੇ ਉਸ ਵੇਲੇ ਹਮਲਾ ਕਰ ਦਿਤਾ ਜਦ
ਮੁੰਬਈ, 23 ਅਪ੍ਰੈਲ: ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਬੁਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪੱਤਰਕਾਰ ਅਰਨਬ ਗੋਸਵਾਮੀ ਦੀ ਕਾਰ 'ਤੇ ਉਸ ਵੇਲੇ ਹਮਲਾ ਕਰ ਦਿਤਾ ਜਦ ਉਹ ਅਪਣੀ ਪਤਨੀ ਨਾਲ ਅਪਣੇ ਘਰ ਜਾ ਰਹੇ ਸਨ। ਹਮਲੇ ਵਿਚ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਸੂਤਰਾਂ ਨੇ ਦਸਿਆ ਕਿ ਦੋਹਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਪੁਲਿਸ ਅਧਿਕਾਰੀ ਨੇ ਦਸਿਆ ਕਿ ਘਟਨਾ ਗਣਪਤਰਾਉ ਕਦਮ ਮਾਰਗ 'ਤੇ ਉਸ ਵੇਲੇ ਵਾਪਰੀ ਜਦ ਗੋਸਵਾਮੀ ਲੋਅਰ ਪਰੇਲ ਵਿਚ ਬਾਂਬੇ ਡਾਇੰਗ ਕੰਪਲੈਸਕ ਵਿਚ ਪੈਂਦੇ ਸਟੂਡੀਊ ਤੋਂ ਘਰ ਮੁੜ ਰਹੇ ਸਨ।
ਹਮਲਾਵਰਾਂ ਨੇ ਗੋਸਵਾਮੀ ਦੀ ਕਾਰ ਤੋਂ ਅੱਗੇ ਨਿਕਲ ਕੇ ਰੁਕਵਾ ਲਿਆ। ਇਕ ਹਮਲਾਵਰ ਨੇ ਅਪਣੇ ਹੱਥਾਂ ਨਾਲ ਵਾਰ ਵਾਰ ਹਮਲਾ ਕਰ ਕੇ ਗੱਡੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਕੋਲ ਸਿਆਹੀ ਨਾਲ ਭਰੀ ਬੋਤਲ ਸੀ ਜਿਹੜੀ ਉਨ੍ਹਾਂ ਗੋਸਵਾਮੀ ਦੀ ਕਾਰ 'ਤੇ ਸੁੱਟ ਦਿਤੀ। ਗੋਸਵਾਮੀ ਦੇ ਪਿੱਛੇ ਵਾਲੀ ਕਾਰ ਵਿਚ ਚੱਲ ਰਹੇ ਉਨ੍ਹਾਂ ਦੇ ਦੋ ਸੁਰੱਖਿਆ ਮੁਲਾਜ਼ਮਾਂ ਨੇ ਦੋਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਐਮ ਜੋਸ਼ੀ ਮਾਰਗ ਪੁਲਿਸ ਨੂੰ ਸੌਂਪ ਦਿਤਾ।
ਹਮਲੇ ਮਗਰੋਂ ਪਾਈ ਗਈ ਵੀਡੀਉ ਵਿਚ ਗੋਸਵਾਮੀ ਨੇ ਕਿਹਾ ਕਿ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਦਸਿਆ ਕਿ ਹਮਲਾਵਰ ਯੁਵਾ ਕਾਂਗਰਸ ਦੇ ਕਾਰਕੁਨ ਹਨ ਜਦਕਿ ਪੁਲਿਸ ਜਾਂ ਯੂਥ ਕਾਂਗਰਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪਾਲਘਰ ਵਿਚ ਦੋ ਸਾਧੂਆਂ ਸਣੇ ਤਿੰਨ ਜਣਿਆਂ ਦੀ ਹਤਿਆ ਦੇ ਮੁੱਦੇ 'ਤੇ ਚਰਚਾ ਦੌਰਾਨ ਸੋਨੀਆ ਗਾਂਧੀ 'ਤੇ ਕੇਂਦਰਤ ਗੋਸਵਾਮੀ ਦੀਆਂ ਟਿਪਣੀਆਂ ਕਾਰਨ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀਆਂ ਸਣੇ ਸੀਨੀਅਰ ਕਾਂਗਰਸੀ ਆਗੂਆਂ ਨੇ ਰਿਪਬਲਿਕ ਟੀਵੀ ਦੇ ਮਾਲਕ ਅਤੇ ਮੁੱਖ ਸੰਪਾਦਕ ਗੋਸਵਾਮੀ ਦੀ ਆਲੋਚਨਾ ਕੀਤੀ ਹੈ। (ਏਜੰਸੀ)
ਗੋਸਵਾਮੀ ਵਿਰੁਧ ਦੋ ਮਾਮਲੇ ਦਰਜ
ਰਾਜਸਥਾਨ ਵਿਚ ਗੋਸਵਾਮੀ ਵਿਰੁਧ ਦੋ ਮਾਮਲੇ ਦਰਜ ਕੀਤੇ ਗਏ ਹਨ। ਬੀਕਾਨੇਰ ਦੇ ਨਵਾਂਸ਼ਹਿਰ ਅਤੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਦੋ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਗਹਿਲੋਤ ਨੇ ਸੋਨੀਆ ਗਾਂਧੀ ਵਿਰੁਧ ਟਿਪਣੀ ਕਰਨ ਦੇ ਦੋਸ਼ ਹੇਠ ਇਹ ਮਾਮਲੇ ਦਰਜ ਕਰਵਾਏ ਹਨ।