ਪ੍ਰਧਾਨ ਮੰਤਰੀ ਨੇ ਮੰਨ ਲਿਐ ਕਿ ਆਬਕਾਰੀ ਨੀਤੀ ਦਾ ਮਾਮਲਾ ਗਲਤ ਹੈ : ਕੇਜਰੀਵਾਲ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਵੇ

Arvind Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨ ਲਿਆ ਹੈ ਕਿ ਆਬਕਾਰੀ ਨੀਤੀ ਦਾ ਮੁੱਦਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਕੇਜਰੀਵਾਲ ਨੇ ਇਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਰੌਲਾ ਪਾ ਰਹੀ ਹੈ ਕਿ ਘਪਲਾ ਹੋਇਆ ਹੈ। 

ਇਸ ਮਾਮਲੇ ’ਚ 1 ਜੂਨ ਤਕ  ਅੰਤਰਿਮ ਜ਼ਮਾਨਤ ’ਤੇ  ਬਾਹਰ ਆਏ ਕੇਜਰੀਵਾਲ ਨੇ ਕਿਹਾ, ‘‘ਉਹ ਦੋ ਸਾਲਾਂ ਤੋਂ ਚੀਕ ਰਹੇ ਹਨ ਕਿ ਸ਼ਰਾਬ ਘਪਲਾ ਹੋਇਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 100 ਕਰੋੜ ਰੁਪਏ ਦੀ ਹੈ, ਪਰ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ।’’

ਉਸ ਨੇ  ਕਿਹਾ, ‘‘ਕੱਲ੍ਹ ਇਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਤੋਂ ਪੁਛਿਆ  ਗਿਆ ਸੀ ਕਿ ਕੇਜਰੀਵਾਲ ਕਹਿ ਰਹੇ ਹਨ ਕਿ ਇਸ ਮਾਮਲੇ ’ਚ ਕੋਈ ਸਬੂਤ ਨਹੀਂ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕੋਈ ਪੈਸਾ ਨਹੀਂ ਮਿਲਿਆ, ਕਿਉਂਕਿ ਕੇਜਰੀਵਾਲ ਇਕ ਤਜਰਬੇਕਾਰ ਚੋਰ ਹਨ।’ ਯਾਨੀ ਉਨ੍ਹਾਂ ਨੇ ਮੰਨਿਆ ਹੈ ਕਿ ਕੋਈ ਵਸੂਲੀ ਨਹੀਂ ਹੋਈ ਹੈ।’’

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੇ ਕਿਹਾ, ‘‘ਇਸ ਨੂੰ ਲੁਕਾਉਣ ਲਈ ਉਨ੍ਹਾਂ ਕਿਹਾ ਕਿ ਕੇਜਰੀਵਾਲ ‘ਤਜਰਬੇਕਾਰ ਚੋਰ’ ਹਨ। ਇਹ ਗਲਤ ਗ੍ਰਿਫਤਾਰੀਆਂ ਨੂੰ ਜਾਇਜ਼ ਠਹਿਰਾਉਣ ਦਾ ਬਹਾਨਾ ਹੈ। ਜਦੋਂ ਤੁਸੀਂ ਮਨਜ਼ੂਰ ਕਰ ਲਿਆ ਹੈ ਕਿ ਆਬਕਾਰੀ ਘਪਲੇ  ਦਾ ਮਾਮਲਾ ਗਲਤ ਹੈ, ਤਾਂ ਕਿਰਪਾ ਕਰ ਕੇ  ਉਨ੍ਹਾਂ ਲੋਕਾਂ ਨੂੰ ਰਿਹਾਅ ਕਰੋ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।’’