ਮਾਨ ਸਰਕਾਰ ਨੇ ਪੂਰਾ ਕੀਤਾ 100 ਦਿਨ ਦਾ ਸਫ਼ਰ, ਜਨਤਾ ਨਾਲ ਕੀਤੇ ਵਾਅਦਿਆਂ 'ਚੋਂ ਕਿਹੜੇ ਹੋਏ ਪੂਰੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹੁਣ ਤੱਕ ਦੇ ਮੁੱਖ ਮੰਤਰੀਆਂ 'ਚੋਂ ਇੱਕ ਵੱਖਰਾ ਅਕਸ ਬਣਾਉਣ ਦੇ ਰਾਹ 'ਤੇ ਕਾਮਯਾਬੀ ਵਲ ਵੱਧ ਰਹੇ ਹਨ CM ਮਾਨ 

CM Bhagwant Mann

ਚੰਡੀਗੜ੍ਹ : ਪੰਜਾਬ ਦੀ ਜਨਤਾ ਵਲੋਂ ਵੱਡੇ ਫਰਕ ਨਾਲ ਦਿਤੇ ਫ਼ਤਵੇ ਨਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸੱਤ ਵਿਚ ਆਪਣੇ 100 ਦਿਨ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਕਾਫੀ ਹੱਦ ਤੱਕ ਪੂਰੇ ਕਰਨ ਵਿਚ ਕਾਮਯਾਬ ਰਹੇ ਹਨ ਅਤੇ ਲਗਾਤਾਰ ਬਾਕੀ ਦੇ ਵਾਅਦਿਆਂ ਨੂੰ ਪੂਰਾ ਕਰਨ 'ਤੇ ਵੀ ਅਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨ ਮਹੀਨਿਆਂ ਵਿਚ ਜੋ ਫ਼ੈਸਲੇ ਮਾਨ ਸਰਕਾਰ ਨੇ ਲਏ ਹਨ ਉਨ੍ਹਾਂ ਵਿਚੋਂ ਮੁੱਖ ਹਨ :

-ਭ੍ਰਿਸ਼ਟਾਚਾਰ ਨੂੰ ਪਾਈ ਨੱਥ 
ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੌਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਉੱਥੇ ਹੀ ਆਪਣੀ ਸਰਕਾਰ ਤੱਕ ਆ ਰਹੇ ਭ੍ਰਿਸ਼ਟਾਚਾਰ ਦੇ ਸੇਕ ਨੂੰ ਕਾਬੂ ਕਰਨ ਲਈ ਆਪਣੇ ਹੀ ਮੰਤਰੀ ਵਿਜੇ ਸਿੰਗਲਾ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਲੋਕਾਂ ਵੱਲੋਂ ਖ਼ੂਬ ਸਲਾਹਿਆ ਜਾ ਰਿਹਾ ਹੈ।

-ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ
ਮੁੱਖ ਮੰਤਰੀ ਭਗਵੰਤ ਮਾਨ ਨੇ 19 ਮਾਰਚ ਨੂੰ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਵੱਡਾ ਐਲਾਨ ਕੀਤਾ, ਜਿਸ ’ਚ ਪੰਜਾਬ ’ਚ 25,000 ਸਰਕਾਰੀ ਨੌਕਰੀਆਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ’ਚੋਂ 10,000 ਪੁਲਿਸ ਮਹਿਕਮੇ ’ਚ ਭਰਤੀਆਂ ਕੀਤੀਆਂ ਜਾਣਗੀਆਂ ਅਤੇ ਬਾਕੀ 15000 ਅਸਾਮੀਆਂ ਹੋਰ ਵਿਭਾਗਾਂ ’ਚ ਭਰੀਆਂ ਜਾਣਗੀਆਂ।

CM ਮਾਨ ਅਨੁਸਾਰ ਇਨ੍ਹਾਂ ਅਸਾਮੀਆਂ 'ਤੇ ਇਕ ਮਹੀਨੇ ਦੇ ਅੰਦਰ-ਅੰਦਰ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਇਸ ਭਰਤੀ ਮਾਮਲੇ ’ਚ ਨਾ ਤਾਂ ਕੋਈ ਵਿਤਕਰਾ ਹੋਵੇਗਾ ਅਤੇ ਨਾ ਹੀ ਰਿਸ਼ਵਤਖ਼ੋਰੀ ਚੱਲੇਗੀ। ਇਸ ਤੋਂ ਇਲਾਵਾ ਸਰਕਾਰ ਵਲੋਂ ਸੂਬੇ ’ਚ 35,000 ਕੱਚੇ ਕਾਮੇ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਾਰੇ ਕਰਮਚਾਰੀ ਗਰੁੱਪ-ਸੀ ਅਤੇ ਗਰੁੱਪ-ਡੀ ਨਾਲ ਸਬੰਧਤ ਹਨ।

-ਕਿਸਾਨਾਂ ਨੂੰ ਕੀਤਾ ਖ਼ੁਸ਼ਹਾਲ
'ਆਪ' ਸਰਕਾਰ ਵਲੋਂ ਪੰਜਾਬ ਵਿਚ ਪਹਿਲੀ ਵਾਰ MSP ’ਤੇ ਮੂੰਗੀ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸੂਬੇ ਭਰ ਦੇ ਕਿਸਾਨ ਦਿਲ ਨਾਲ ਸਵਾਗਤ ਕਰ ਰਹੇ ਹਨ। ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਟਿਊਬਵੈੱਲ ਦਾ ਲੋਡ ਵਧਾਉਣ ’ਤੇ 4750 ਰੁਪਏ ਪ੍ਰਤੀ ਹਾਰਸ ਪਾਵਰ 'ਚ ਕਟੌਤੀ ਕਰ ਕੇ 2500 ਰੁਪਏ ਪ੍ਰਤੀ ਹਾਰਸ ਕਰ ਦਿਤਾ ਗਿਆ ਹੈ।

-ਵੋਲਵੋ ਬੱਸ ਸਰਵਿਸ ਦੀ ਸ਼ੁਰੂਆਤ
'ਮਾਨ' ਸਰਕਾਰ ਵਲੋਂ ਜਲੰਧਰ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਵੋਲਵੋ ਬੱਸ ਸਰਵਿਸ ਸ਼ੁਰੂ ਕਰ ਦਿਤੀ ਗਈ ਹੈ। ਸੂਬਾ ਸਰਕਾਰ ਦੇ ਇਸ ਕਦਮ ਨਾਲ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਮਨਮਾਨੀ ਨੂੰ ਵੀ ਠੱਲ੍ਹ ਪਵੇਗੀ ਅਤੇ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਲੋਕ 1170 ਰੁਪਏ ’ਚ ਅੰਤਰਰਾਸ਼ਟਰੀ ਹਵਾਈ ਅੱਡੇ ਤਕ ਦਾ ਸਫ਼ਰ ਕਰ ਸਕਣਗੇ।

-E-Governance ਵੱਲ ਵਧਾਏ ਕਦਮ
ਲੋਕਾਂ ਦੇ ਹਿੱਤ ਵਿਚ ਇੱਕ ਹੋਰ ਵੱਡਾ ਫ਼ੈਸਲਾ ਕਰਦੇ ਹੋਏ CM ਮਾਨ ਨੇ ਪੰਜਾਬ ’ਚ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਇੰਟਰਨੈੱਟ ਦੀ ਸਹੂਲਤ ਸ਼ੁਰੂ ਕੀਤੀ ਹੈ। ਹੁਣ ਘਰ ਬੈਠੇ ਹੀ ਲਾਇਸੈਂਸ ਅਪਲਾਈ ਕਰ ਕੇ ਆਨਲਾਈਨ ਟੈਸਟ ਦਿਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ’ਚ ਹਰ ਸਾਲ ਲਰਨਿੰਗ ਲਾਇਸੈਂਸ ਬਣਵਾਉਣ ਵਾਲੇ 5 ਲੱਖ ਲੋਕਾਂ ਨੂੰ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਫ਼ਰਦਾਂ ਅਤੇ ਜਮ੍ਹਾਂਬੰਦੀਆਂ ਕਢਵਾਉਣ ਲਈ ਕਿਸਾਨਾਂ ਨੂੰ ਹੁਣ ਪਟਵਾਰਖਾਨੇ ਜਾਨ ਦੀ ਜ਼ਰੂਰਤ ਨਹੀਂ ਹੋਵੇਗੀ ਸਗੋਂ ਇਹ ਸਹੂਲਤ ਵੀ ਆਨਲਾਈਨ ਕਰ ਦਿਤੀ ਗਈ ਹੈ। ਇਸ ਲਈ ਇੱਕ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ ਜਿਸ 'ਤੇ ਪੂਰੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਥੇ ਹੀ ਬੱਸ ਨਹੀਂ ਸਗੋਂ ਇਸ ਵਾਰ ਬਜਟ ਵੀ ਪੇਪਰ ਲੈੱਸ ਹੋਵੇਗਾ ਜਿਸ ਨਾਲ ਸਰਕਾਰ ਨੂੰ 21 ਲੱਖ ਰੁਪਏ ਦੀ ਬੱਚਤ ਹੋਣ ਦੇ ਨਾਲ-ਨਾਲ 34 ਟਨ ਕਾਗਜ਼ ਦੀ ਵੀ ਬੱਚਤ ਹੋਵੇਗੀ। 

-ਨਿੱਜੀ ਸਕੂਲਾਂ ’ਤੇ ਸ਼ਿਕੰਜਾ 
ਨਿੱਜੀ ਸਕੂਲਾਂ ’ਚ ਫ਼ੀਸਾਂ ਵਧਾਉਣ ’ਤੇ 'ਮਾਨ' ਸਰਕਾਰ ਨੇ ਪਾਬੰਦੀ ਲਗਾਈ ਹੈ ਜਿਸ ਨਾਲ ਮਾਪਿਆਂ 'ਤੇ ਪੈ ਰਿਹਾ ਵਾਧੂ ਬੋਝ ਘੱਟ ਹੋਵੇਗਾ।ਇਸ ਤੋਂ ਇਲਾਵਾ ਇਹ ਵੀ ਹਦਾਇਤ ਦਿਤੀ ਗਈ ਹੈ ਕਿ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਸਕੂਲ ਦੀ ਵਰਦੀ ਲੈਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਨੂੰ ਯਕੀਨੀ ਬਣਾਉਣ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ 'ਤੇ ਮਾਪੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। 

ਪੰਜਾਬ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜੋ ਵੀ ਵਾਅਦੇ 'ਆਪ' ਵਲੋਂ ਜਨਤਾ ਨਾਲ ਕੀਤੇ ਗਏ ਸਨ ਉਨ੍ਹਾਂ ਨੂੰ ਵਾਰੀ ਸਿਰ ਪੂਰਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਅਜੇ ਵੀ ਕਈ ਬਾਕੀ ਹਨ ਪਰ ਲੋਕਾਂ ਦੀਆਂ ਆਸਾਂ 'ਤੇ ਖਰ੍ਹੇ ਉਤਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਹੁਣ ਤੱਕ ਵੱਖ-ਵੱਖ ਪਾਰਟੀਆਂ ਦੇ ਅਗੋਆਂ ਵਲੋਂ ਬਤੌਰ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਕੀਤੀ ਗਈ ਪਰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਸਾਰਿਆਂ ਵਿਚੋਂ ਇੱਕ ਵੱਖਰਾ ਅਕਸ ਬਣਾਉਣ ਦੇ ਰਾਹ 'ਤੇ ਕਾਮਯਾਬੀ ਵਲ ਵੱਧ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਲੋਕ ਭਲਾਈ ਲਈ ਕਈ ਕੰਮ ਨੇਪਰੇ ਚੜ੍ਹ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਕਈ ਲੋਕ-ਪੱਖੀ ਨੀਤੀਆਂ ਲਿਆਂਦੀਆਂ ਜਾਣਗੀਆਂ।