ਜੀ20 ਸ਼ਿਖਰ ਸੰਮੇਲਨ ’ਚ ਭਾਰਤ ਨੇ ਅਪਣੀ ਅਗਵਾਈ ਦਾ ਲੋਹਾ ਮਨਵਾਇਆ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੀ 105ਵੀਂ ਕੜੀ ’ਚ ਦੇਸ਼ਵਾਸੀਆਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਜੀ20 ਸ਼ਿਖਰ ਸੰਮੇਲਨ ’ਚ ਅਫ਼ਰੀਕੀ ਸੰਘ ਨੂੰ ਇਸ ਸਮੂਹ ਦਾ ਪੂਰਨ ਮੈਂਬਰ ਬਣਾ ਕੇ ਅਪਣੀ ਅਗਵਾਈ ਦਾ ਲੋਹਾ ਮਨਵਾਇਆ ਹੈ।
ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਦੀ 105ਵੀਂ ਕੜੀ ’ਚ ਦੇਸ਼ਵਾਸੀਆਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਜੀ20 ’ਚ ‘ਭਾਰਤ-ਪਛਮੀ ਏਸ਼ੀਆ-ਯੂਰੋਪ ਆਰਥਕ ਗਲਿਆਰਾ’ ਬਣਾਏ ਜਾਣ ਦੇ ਭਾਰਤ ਦੇ ਸੁਝਾਅ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸੈਂਕੜੇ ਸਾਲਾਂ ਤਕ ਇਹ ਵਿਸ਼ਵ ਵਪਾਰ ਦਾ ਆਧਾ ਬਣੇਗਾ ਅਤੇ ਇਤਿਹਾਸ ਇਸ ਗੱਲ ਨੂੰ ਹਮੇਸ਼ਾ ਯਾਦ ਰਖੇਗਾ ਕਿ ਇਸ ਦਾ ਆਗਾਜ਼ ਭਾਰਤ ਦੀ ਧਰਤੀ ’ਤੇ ਹੋਇਆ।
ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਦੇ ਇਸ ਸੰਸਕਰਣ ਦੌਰਾਨ ਉਨ੍ਹਾਂ ਨੂੰ ਚੰਦਰਯਾਨ-2 ਦੀ ਸਫ਼ਲਤਾ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਜੀ20 ਦੀ ਸਫ਼ਲਤਾ ਬਾਰੇ ਦੇਸ਼ ਦੇ ਹਰ ਹਿੱਸੇ ਅਤੇ ਸਮਾਜ ਦੇ ਹਰ ਵਰਗ ਅਤੇ ਉਮਰ ਦੇ ਲੋਕਾਂ ਤੋਂ ‘ਅਣਗਿਣਤ’ ਚਿੱਠੀਆਂ ਮਿਲੀਆਂ। ਉਨ੍ਹਾਂ ਨੇ ਚੰਦਰਯਾਨ-3 ਦੀ ਸਫ਼ਲਤਾ ’ਤੇ ਸਰਕਾਰ ਵਲੋਂ ਕਰਵਾਏ ‘ਕੁਇਜ਼’ ਮੁਕਾਬਲੇ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ਜੀ20 ਦੀ ਸਫ਼ਲਤਾ ਨੇ ਹਰ ਭਾਰਤੀ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿਤਾ ਅਤੇ ਪ੍ਰੋਗਰਾਮ ਵਾਲੀ ਥਾਂ ‘ਭਾਰਤ ਮੰਡਪਮ’ ਤਾਂ ਅਪਣੇ ਆਪ ’ਚ ਇਕ ‘ਸੈਲੇਬ੍ਰਿਟੀ’ ਵਾਂਗ ਹੋ ਗਿਆ ਹੈ ਜਿੱਥੇ ਲੋਕ ਜਾ ਰਹੇ ਹਨ, ਸੈਲਫ਼ੀ ਖਿੱਚ ਰਹੇ ਹਨ ਅਤੇ ਮਾਣ ਨਾਲ ਉਸ ਨੂੰ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝਾ ਵੀ ਕਰ ਰਹੇ ਹਨ।