ਪੰਜਾਬ ਵਿਚ ਹੋਈ ਨਿਵੇਕਲੀ ਸਿਆਸੀ ਅਤੇ ਪ੍ਰਸ਼ਾਸਨਿਕ ਸ਼ੁਰੂਆਤ - CM ਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ- ਹੁਣ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ 

CM Bhagwant Mann Unique Political and Administrative Beginnings in Punjab - CM Mann

ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ ਸੀ ਅਤੇ ਇਸ ਮੌਕੇ ਸਦਨ ਵਿਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਾਤ ਪਾਤ ਤੋਂ ਉਪਰ ਉੱਠ ਕੇ ਸਾਬਤ ਕਰ ਦਿਤਾ ਕੇ ਸਾਡੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਸਾਡੀ ਸਰਕਾਰ ਹਰ ਉਸ ਉਮੀਦ 'ਤੇ ਖਰ੍ਹਾ ਉਤਰੇਗੀ ਜੋ ਸੂਬੇ ਦੀ ਜਨਤਾ ਨੇ 'ਆਪ' ਤੋਂ ਲਗਾਈਆਂ ਹਨ।ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਸੰਬੋਧਨ 'ਤੇ ਆਪਣਾ ਜਵਾਬ ਦਿੱਤਾ।

ਮਾਨ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਇਤਿਹਾਸਕ ਫ਼ੈਸਲਾ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਆਪਣੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ 'ਤੇ ਹੁਣ ਤੱਕ ਕੀਤੀ ਕਾਰਵਾਈ ਦੀ ਜਾਣਕਾਰੀ ਦਿੱਤੀ। ਮਾਨ ਨੇ ਕਿਹਾ ਕਿ ਮੇਰੀ ਸਰਕਾਰ ਨੇ ਆਪਣੇ ਹੀ ਕੈਬਿਨੇਟ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਕਈ ਇਤਿਹਾਸਕ ਅਤੇ ਦਲੇਰਾਨਾ ਫ਼ੈਸਲੇ ਲਏ ਨੇ ਜੋ ਸਾਬਤ ਕਰਦੇ ਹਨ ਕਿ ਪੰਜਾਬ 'ਚ ਇੱਕ ਨਿਵੇਕਲੀ ਸਿਆਸੀ ਅਤੇ ਪ੍ਰਸ਼ਾਸਨਿਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਚਾਏ ਜਾਣਗੇ ਅਤੇ ਨਾ ਹੀ ਹੁਣ ਫ਼ੋਕੇ ਵਾਅਦੇ ਕੀਤੇ ਜਾਣਗੇ। ਭ੍ਰਿਸ਼ਟਾਚਾਰ ਵਿਰੁੱਧ ਆਪਣੇ ਹੀ ਮੰਤਰੀ ਖ਼ਿਲਾਫ਼ ਕਾਰਵਾਈ ਕਰ ਕੇ 'ਆਪ' ਨੇ ਇੱਕ ਮਿਸਾਲ ਦਿਤੀ ਹੈ।  

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਇੱਕ ਨਵੀਂ 'ਅਸਾਮੀ' ਲਿਆਉਣ ਜਾ ਰਹੀ ਹੈ ਜਿਸ ਦਾ ਨਾਮ 'CM ਫ਼ੀਲਡ ਅਫ਼ਸਰ' ਹੋਵੇਗਾ ਅਤੇ ਇਸ ਦਾ ਮੁੱਖ ਮਕਸਦ ਜ਼ਿਲ੍ਹਾ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਹੋਵੇਗਾ। ਬੋਲਣ ਦਾ ਸਮਾਂ ਨਾ ਮਿਲਣ 'ਤੇ ਕਾਂਗਰਸ ਨੇ ਹੰਗਾਮਾ ਕੀਤਾ ਅਤੇ ਸਾਰੇ ਮੈਂਬਰ ਸਦਨ ਤੋਂ ਬਾਹਰ ਚਲੇ ਗਏ। ਮੁੱਖ ਮੰਤਰੀ ਨੇ ਸਦਨ ਤੋਂ ਵਾਕਆਊਟ ਕਰਨ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਨੇ ਕਿਹਾ ਕਿ 15-20 ਮਿੰਟਾਂ ਵਿੱਚ ਪਾਣੀ ਪੀਣ ਤੋਂ ਬਾਅਦ ਵਾਪਸ ਆ ਜਾਵੇਗਾ। ਇਹ ਪਹਿਲਾਂ ਵੀ ਅਜਿਹਾ ਕਰਦੇ ਰਹੇ ਹਨ।

CM ਮਾਨ ਨੇ ਸਕੂਲ ਅਧਿਆਪਕਾਂ ਤੇ ਕਾਲਜ ਅਧਿਆਪਕਾਂ ਨੂੰ ਲੈ ਕੇ ਵਿਧਾਨ ਸਭਾ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਤੋਂ ਸਿਰਫ ਪੜ੍ਹਾਈ ਦਾ ਕੰਮ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ ‘ਤੇ ਬੋਲਦੇ ਹੋਏ ਕਿਹਾ ਕਿ ਅਧਿਆਪਕਾਂ ਦੀ ਕਿਸੇ ਹੋਰ ਕੰਮ ਵਿੱਚ ਡਿਊਟੀ ਨਹੀਂ ਲੱਗੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਾਲਜ ਅਧਿਆਪਕਾਂ ਲਈ ਜਲਦੀ ਯੂਜੀਸੀ ਸਕੇਲ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਯੂ ਐਸ ਅੰਬੈਸੀ ਨਾਲ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਜਿਸ ਨਾਲ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਦੇ ਕੇ ਨੌਜਵਾਨੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ ਹੈ।