ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ ਨਾਮ 'ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਪੂਰਾ ਕੀਤਾ : ਮਹਿਬੂਬਾ ਮੁਫ਼ਤੀ
ਕਿਹਾ- ਉਨ੍ਹਾਂ ਦੇ ਕਾਰਜਕਾਲ 'ਚ ਭਾਰਤੀ ਸੰਵਿਧਾਨ ਨੂੰ ਕਈ ਵਾਰ ਕੁਚਲਿਆ ਗਿਆ
ਜੰਮੂ : ਪੀਪਲਜ਼ ਕਾਨਫਰੰਸ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀ (ਰਾਮਨਾਥ ਕੋਵਿੰਦ) ਇੱਕ ਅਜਿਹੀ ਵਿਰਾਸਤ ਛੱਡ ਗਏ ਹਨ ਜਿੱਥੇ ਸੰਵਿਧਾਨ ਨੂੰ ਕਈ ਵਾਰ ਕੁਚਲਿਆ ਗਿਆ ਹੈ। ਧਾਰਾ 370 ਹੋਵੇ, ਨਾਗਰਿਕਤਾ ਕਾਨੂੰਨ ਹੋਵੇ, ਘੱਟ ਗਿਣਤੀਆਂ ਜਾਂ ਦਲਿਤਾਂ ਨੂੰ ਨਿਸ਼ਾਨਾ ਬਣਾਉਣਾ ਹੋਵੇ। ਉਨ੍ਹਾਂ ਨੇ ਸੰਵਿਧਾਨ ਦੇ ਨਾਂ 'ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਪੂਰਾ ਕੀਤਾ।
ਇਸ ਤੋਂ ਪਹਿਲਾਂ ਮਹਿਬੂਬਾ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਹਰ ਘਰ 'ਚ ਤਿਰੰਗਾ ਮੁਹਿੰਮ ਲਈ ਲੋਕਾਂ ਨੂੰ ਰਾਸ਼ਟਰੀ ਝੰਡਾ ਖਰੀਦਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਗਤੀ ਕੁਦਰਤੀ ਤੌਰ 'ਤੇ ਆਉਂਦੀ ਹੈ ਅਤੇ ਇਸ ਨੂੰ ਥੋਪਿਆ ਨਹੀਂ ਜਾ ਸਕਦਾ।ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਹਿੱਸੇ ਵਜੋਂ 13 ਤੋਂ 15 ਅਗਸਤ ਤੱਕ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ।
ਮਹਿਬੂਬ ਮੁਫ਼ਤੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ, ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬਿਜਬਿਹਾਰਾ ਨਗਰਪਾਲਿਕਾ ਦੇ ਇੱਕ ਵਾਹਨ ਦੇ ਉੱਪਰ ਲੱਗੇ ਲਾਊਡਸਪੀਕਰ ਤੋਂ ਜਨਤਕ ਘੋਸ਼ਣਾ ਕੀਤੀ ਜਾ ਰਹੀ ਹੈ, ਜਿਸ ਵਿੱਚ ਖੇਤਰ ਦੇ ਦੁਕਾਨਦਾਰਾਂ ਨੂੰ ਤਿਰੰਗਾ ਖਰੀਦਣ ਲਈ 20-20 ਰੁਪਏ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਹੈ।
ਮਹਿਬੂਬਾ ਮੁਫ਼ਤੀ ਨੇ ਅੱਗੇ ਲਿਖਿਆ ਕਿ ਜਿਸ ਤਰ੍ਹਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਲਈ ਪੈਸੇ ਦੇਣ ਲਈ ਮਜਬੂਰ ਕਰ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਕਸ਼ਮੀਰ ਦੁਸ਼ਮਣ ਦਾ ਇਲਾਕਾ ਹੈ, ਜਿਸ 'ਤੇ ਕਬਜ਼ਾ ਕਰਨ ਦੀ ਲੋੜ ਹੈ। ਮੁਫ਼ਤੀ ਨੇ ਕਿਹਾ ਕਿ ਦੇਸ਼ ਭਗਤੀ ਕੁਦਰਤੀ ਤੌਰ 'ਤੇ ਆਉਂਦੀ ਹੈ ਅਤੇ ਇਸ ਨੂੰ ਥੋਪਿਆ ਨਹੀਂ ਜਾ ਸਕਦਾ।