ਸਿਆਸੀ ਲੀਡਰਾਂ ਦੀਆਂ ਅਪਣੀਆਂ ਪਾਰਟੀਆਂ ਪ੍ਰਤੀ ਕੀਤੀਆਂ ਕੁਰਬਾਨੀਆਂ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਲੱਖਾਂ ਕਰੋੜਾਂ ਰੁਪਏ ਦੀਆਂ ਮੋਟਰ ਗੱਡੀਆਂ ਤੇ ਸਵਾਰ ਹੋ ਕੇ ਅਪਣੇ ਜੀਵਨ ਸਫ਼ਰ ਦਾ ਮਾਣ ਰਹੇ ਆਨੰਦ

file photo

ਸੰਗਰੂਰ: ਪੰਜਾਬ ਦੇ ਇਤਿਹਾਸ ਵਿਚ ਰਾਜਨੀਤੀ ਤੇ ਕੁਰਬਾਨੀ ਦੋ ਅਜਿਹੇ ਸ਼ਬਦ ਹਨ ਜਿਨ੍ਹਾਂ ਦੀ ਆਪਸ ਵਿਚ ਕਾਫ਼ੀ ਪੁਰਾਣੀ ਸਾਂਝ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਅਕਸਰ ਅਪਣੇ ਰਾਜਨੀਤਕ ਸਮਾਗਮਾਂ ਜਾਂ ਹੋਰ ਪ੍ਰੋਗਰਾਮਾਂ ਵਿਚ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਵਡਿਆਈ ਕਰਦੀਆਂ ਅਕਸਰ ਇਹ ਪ੍ਰਚਾਰ ਕਰਦੀਆਂ ਨਹੀਂ ਥਕਦੀਆਂ ਕਿ ਰਾਜਨੀਤਕ ਆਗੂਆਂ ਜਾਂ ਲੀਡਰਾਂ ਨੇ ਪਾਰਟੀ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜਾਂ ਉਸ ਆਗੂ ਦੀ ਪਾਰਟੀ ਲਈ ਕੁਰਬਾਨੀ ਬਹੁਤ ਵੱਡੀ ਹੈ।

'ਕੁਰਬਾਨੀ' ਸਿਰਫ਼ ਅਪਣੇ ਆਪ ਨੂੰ ਕੁਰਬਾਨ ਕਰ ਕੇ, ਸ਼ਹੀਦ ਹੋ ਕੇ ਜਾਂ ਆਪਾ ਵਾਰਨ ਨੂੰ ਆਖਿਆ ਜਾਂਦਾ ਹੈ। ਸਿੱਖ ਇਤਿਹਾਸ ਵਿਚ ਸਿੱਖੀ ਨੂੰ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਅਤੇ ਦੇਸ਼ ਭਗਤਾਂ ਦੀਆਂ ਕੌਮ ਲਈ ਕੀਤੀਆਂ ਕੁਰਬਾਨੀਆਂ ਹਰ ਕਿਸੇ ਦੀ ਸਮਝ ਵਿਚ ਪੈ ਜਾਂਦੀਆਂ ਹਨ ਪਰ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਵਲੋਂ ਸਿਆਸੀ ਪਾਰਟੀ ਲਈ ਕੀਤੀਆਂ ਕੁਰਬਾਨੀਆਂ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹਨ।

ਪਾਰਟੀਆਂ ਲਈ ਕੀਤੀਆਂ ਕੁਰਬਾਨੀਆਂ ਸਦਕਾ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਸੂਬਾਈ ਜਾਂ ਕੇਂਦਰੀ ਮੰਤਰੀ ਵੀ ਬਣ ਚੁੱਕੇ ਹਨ। ਪਾਰਟੀ ਲਈ ਦਿਤੀਆਂ ਕੁਰਬਾਨੀਆਂ ਕਰ ਕੇ ਹੀ ਉਹ ਅਰਬਾਂ ਰੁਪਏ ਦੇ ਆਲੀਸ਼ਾਨ ਬੰਗਲਿਆਂ ਵਿਚ ਮਖਮਲੀ ਗੱਦਿਆਂ ਤੇ ਬੈਠੇ ਦਰਜਨਾਂ ਨੌਕਰਾਂ ਦੀਆ ਸੇਵਾਵਾਂ ਹੰਢਾ ਰਹੇ ਹਨ ਤੇ ਲੱਖਾਂ ਕਰੋੜਾਂ ਰੁਪਏ ਦੀਆਂ ਮੋਟਰ ਗੱਡੀਆਂ ਤੇ ਸਵਾਰ ਹੋ ਕੇ ਅਪਣੇ ਜੀਵਨ ਸਫ਼ਰ ਦਾ ਆਨੰਦ ਮਾਣ ਰਹੇ ਹਨ।

ਜੇਕਰ ਅਜਿਹੇ ਆਗੂਆਂ ਵਲੋਂ ਲੋਕਾਂ ਦਾ ਖ਼ੁਨ ਚੂਸ ਕੇ, ਉਨ੍ਹਾਂ ਨੂੰ ਬੁਰੀ ਤਰ੍ਹਾਂ ਲੁੱਟ ਅਤੇ ਕੁੱਟ ਕੇ ਕੌਮ ਲਈ ਕੋਈ ਕੁਰਬਾਨੀ ਕੀਤੀ ਗਈ ਹੈ ਤਾਂ ਅਜਿਹੀਆਂ ਕੁਰਬਾਨੀਆਂ ਕੌਣ ਨਹੀਂ ਦੇਣਾ ਚਾਹੇਗਾ? ਇਤਿਹਾਸ ਗਵਾਹ ਹੈ ਕਿ ਜਿਸ ਨੂੰ ਵੀ ਇਕ ਵਾਰ ਐਮ.ਐਲ.ਏ. ਜਾਂ ਐਮ.ਪੀ. ਬਣਨ ਦਾ ਮੌਕਾ ਮਿਲਿਆ ਤਾਂ ਉਸ ਦੀ ਕੁਰਬਾਨੀ ਨਾਲ ਪ੍ਰਵਾਰ ਦੀ ਗ਼ਰੀਬੀ ਸਦਾ ਲਈ ਦੂਰ ਹੋ ਗਈ।

72 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਅਜਿਹੀ ਸਰਕਾਰ ਨਹੀਂ ਬਣੀ ਜਿਹੜੀ ਕਿਸਾਨ ਭਰਾਵਾਂ ਨੂੰ ਕਰਜ਼ਾ ਮੁਕਤ ਕਰਨ ਲਈ ਜਾਂ ਖ਼ੁਦਕੁਸ਼ੀਆਂ ਰੋਕਣ ਲਈ ਕੁਰਬਾਨੀ ਕਰ ਸਕੇ। ਦੂਸਰੀ ਸੱਭ ਤੋਂ ਵੱਡੀ ਕੁਰਬਾਨੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ 'ਸਪੋਕਸਮੈਨ ਅਖ਼ਬਾਰ' ਵਲੋਂ ਕੀਤੀ ਗਈ ਹੈ ਜਿਸ ਨੇ ਤਤਕਾਲੀ ਸੂਬਾਈ ਸਰਕਾਰਾਂ ਅਤੇ ਡੇਰਾਵਾਦ ਨਾਲ ਲੜਾਈਆਂ ਲੜਦਿਆਂ ਅਪਣਾ ਵਜੂਦ ਕਾਇਮ ਰਖਿਆ ਪਰ ਕਿਸੇ ਨਾਢੂ ਖ਼ਾਂ ਦੀ ਈਨ ਨਹੀਂ ਮੰਨੀ।