ਤਮਿਲਨਾਡੂ: ਅੰਨਾ ਡੀ.ਐਮ.ਕੇ. ਨੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੋਂ ਵੱਖ ਹੋਣ ਦਾ ਐਲਾਨ ਕੀਤਾ
ਪਾਰਟੀ ਹੈੱਡਕੁਆਰਟਰ ’ਤੇ ਚਲਾਏ ਗਏ ਪਟਾਕੇ
ਚੇਨਈ: ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐਮ.ਕੇ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਤੋਂ ਵੱਖ ਹੋ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲਈ ਵਖਰੇ ਫਰੰਟ ਦੀ ਅਗਵਾਈ ਕਰੇਗੀ।
ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਤੋਂ ਬਾਹਰ ਨਿਕਲਣ ਦਾ ਫੈਸਲਾ ਇਥੇ ਏ.ਆਈ.ਏ.ਡੀ.ਐਮ.ਕੇ. ਹੈੱਡਕੁਆਰਟਰ ’ਚ ਪਾਰਟੀ ਮੁਖੀ ਈ.ਕੇ. ਪਲਾਨੀਸਵਾਮੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ’ਚ ਲਿਆ ਗਿਆ।
ਮੀਟਿੰਗ ’ਚ ਹੋਏ ਵਿਚਾਰ-ਵਟਾਂਦਰੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਅਤੇ ਸੀਨੀਅਰ ਨੇਤਾ ਕੇ.ਪੀ. ਮੁਨੁਸਾਮੀ ਨੇ ਕਿਹਾ ਕਿ ਪਾਰਟੀ ਨੇ ਸਰਬਸੰਮਤੀ ਨਾਲ ਐਨ.ਡੀ.ਏ. ਤੋਂ ਵੱਖ ਹੋਣ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਇਕੋ ਜਿਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਗਠਜੋੜ ਦੀ ਅਗਵਾਈ ਕਰਨ ਦਾ ਅਹਿਦ ਲਿਆ ਹੈ।
ਪਾਸ ਕੀਤੇ ਮਤੇ ’ਚ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਗਿਆ ਹੈ ਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਪਾਰਟੀ ਦੀਆਂ ਤਾਜ਼ਾ ਨੀਤੀਆਂ ਦੀ ਆਲੋਚਨਾ ਕਰ ਰਹੀ ਹੈ ਅਤੇ ਪ੍ਰਸਿੱਧ ਦ੍ਰਾਵਿੜ ਸ਼ਖਸੀਅਤ ਮਰਹੂਮ ਸੀ.ਐਨ. ਅੰਨਾਦੁਰਾਈ ਅਤੇ ਮਰਹੂਮ ਮੁੱਖ ਮੰਤਰੀ ਜੈਲਲਿਤਾ ਨੂੰ ਬਦਨਾਮ ਕਰ ਰਹੀ ਹੈ।
ਏ.ਆਈ.ਏ.ਡੀ.ਐਮ.ਕੇ. ਭਾਜਪਾ ਦੇ ਸੂਬਾ ਪ੍ਰਧਾਨ ਕੇ. ਅੰਨਾਮਾਲਾਈ ਦੇ ਬਿਆਨਾਂ ਤੋਂ ਨਾਰਾਜ਼ ਸੀ ਅਤੇ ਅੰਨਾਦੁਰਾਈ ਬਾਰੇ ਉਨ੍ਹਾਂ ਦੇ ਹਾਲ ਹੀ ਦੇ ਬਿਆਨਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਦਰਾਰ ਪੈਦਾ ਕਰ ਦਿਤੀ ਸੀ।
ਇੱਥੇ ਪਾਰਟੀ ਹੈੱਡਕੁਆਰਟਰ ’ਤੇ ਪਟਾਕੇ ਚਲਾਉਣ ਦੇ ਦੌਰਾਨ, ਮੁਨੁਸਾਮੀ ਨੇ ਕਿਹਾ ਕਿ ਸਰਬਸੰਮਤੀ ਨਾਲ ਲਏ ਗਏ ਫੈਸਲੇ ਨੇ ਦੋ ਕਰੋੜ ਤੋਂ ਵੱਧ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਸਨਮਾਨ ਕੀਤਾ ਹੈ।