ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਨੌਤੀ  ਦਿਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਉਤੇ  ਪੂਰਵਾਂਚਲੀਆਂ ਨੂੰ ਗੁਮਰਾਹ  ਕਰਨ ਦਾ ਦੋਸ਼ 

ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਨੌਤੀ  ਦਿਤੀ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਛੱਠ ਪੂਜਾ ਤੋਂ ਪਹਿਲਾਂ ਯਮੁਨਾ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਉਤੇ  ਹਮਲਾ ਤੇਜ਼ ਕਰ ਦਿਤਾ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਸੌਰਭ ਭਾਰਦਵਾਜ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚੁਨੌਤੀ  ਦਿਤੀ  ਹੈ ਕਿ ਉਹ ਨਦੀ ਦਾ ਪਾਣੀ ਪੀ ਕੇ ਸਾਬਤ ਕਰ ਦੇਣ ਕਿ ਇਸ ਨੂੰ ਸਾਫ਼ ਕਰ ਦਿਤਾ ਗਿਆ ਹੈ। 

ਭਾਰਦਵਾਜ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਯਮੁਨਾ ਜੀ ਦੇ ਪਾਣੀ ਵਿਚ ਸੀਵਰੇਜ ਹੁੰਦਾ ਹੈ, ਅਤੇ ਭਾਜਪਾ ਸਰਕਾਰ ਦੇ ਅਧੀਨ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਦੀ ਰੀਪੋਰਟ  ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੂਰਵਾਂਚਲ ਭਾਈਚਾਰੇ ਦੇ ਲੱਖਾਂ ਲੋਕ ਭਾਜਪਾ ਨੇਤਾਵਾਂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਝੂਠ ਅਤੇ ਧੋਖੇ ਦਾ ਸ਼ਿਕਾਰ ਹੋਣਗੇ।’’ ਦਿੱਲੀ-ਕੌਮੀ  ਰਾਜਧਾਨੀ ਖੇਤਰ (ਐਨ.ਸੀ.ਆਰ.) ਵਿਚ ਰਹਿਣ ਵਾਲੇ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਲੋਕਾਂ ਨੂੰ ਪੂਰਵਾਂਚਲ ਕਿਹਾ ਜਾਂਦਾ ਹੈ। 

ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਸੱਤਾ ’ਚ ਹੋਣ ਉਤੇ  ਆਮ ਆਦਮੀ ਪਾਰਟੀ ਦੀ ਯਮੁਨਾ ਨਦੀ ਨੂੰ ਸਾਫ਼ ਕਰਨ ਦੀਆਂ ਯੋਜਨਾਵਾਂ ’ਚ ਰੁਕਾਵਟ ਪਾਈ ਸੀ ਅਤੇ ਸੱਤਾਧਾਰੀ ਪਾਰਟੀ ਉਤੇ  ਸਿਆਸੀ ਫਾਇਦੇ ਲਈ ਝੂਠ ਦਾ ਸ਼ਾਸਨ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੇ ਯਮੁਨਾ ਜੀ ਨੂੰ ਸਾਫ਼ ਕਰਨ ਦੀ ਯੋਜਨਾ ਬਣਾਈ ਸੀ ਪਰ ਭਾਜਪਾ ਦੇ ਉਪ ਰਾਜਪਾਲ ਨੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰ ਦਿਤੀਆਂ। ਜੇ ਰੇਖਾ ਗੁਪਤਾ ਦਾਅਵਾ ਕਰਦੀ ਹੈ ਕਿ ਨਦੀ ਸਾਫ਼ ਹੈ, ਤਾਂ ਉਸ ਨੂੰ ਇਸ ਦਾ ਪਾਣੀ ਪੀਣਾ ਚਾਹੀਦਾ ਹੈ।’’ ਇਸ ਮੌਕੇ ਉਤੇ  ਮੌਜੂਦ ‘ਆਪ’ ਨੇਤਾ ਅਤੇ ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੇ ਦੋਸ਼ ਲਾਇਆ ਕਿ ਭਾਜਪਾ ਸਿਆਸੀ ਲਾਹਾ ਲੈਣ ਲਈ ਪੂਰਵਾਂਚਲੀਆਂ ਦੀ ਜਾਨ ਨਾਲ ਖੇਡ ਰਹੀ ਹੈ।   

ਦਿੱਲੀ ਦੇ ਜਲ ਮੰਤਰੀ ਆਮ ਆਦਮੀ ਪਾਰਟੀ ਨੇ ਦਾਅਵੇ ਨੂੰ ਰੱਦ ਕੀਤਾ

ਨਵੀਂ ਦਿੱਲੀ : ਦਿੱਲੀ ਦੇ ਜਲ ਮੰਤਰੀ ਪਰਵੇਸ਼ ਵਰਮਾ ਨੇ ਸਨਿਚਰਵਾਰ  ਨੂੰ ਕਿਹਾ ਕਿ ਛੱਠ ਤੋਂ ਪਹਿਲਾਂ ਯਮੁਨਾ ਨਦੀ ਦੇ ਪਾਣੀ ਦੀ ਗੁਣਵੱਤਾ ਪਿਛਲੇ ਸਾਲ ਨਾਲੋਂ ਬਿਹਤਰ ਹੈ। ਵਰਮਾ ਨੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਨਿੰਦਾ ਕੀਤੀ, ਜਿਸ ਦੇ ਨੇਤਾ ਛੱਠ ਤਿਉਹਾਰ ਦੌਰਾਨ ਯਮੁਨਾ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਲਗਾ ਰਹੇ ਹਨ। ਵਰਮਾ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਨੇ 9 ਅਤੇ 20 ਅਕਤੂਬਰ ਨੂੰ ਪੱਲਾ, ਵਜ਼ੀਰਾਬਾਦ ਬੈਰਾਜ, ਓਖਲਾ ਬੈਰਾਜ, ਆਈ.ਟੀ. ਓ ਅਤੇ ਯਮੁਨਾ ਨਹਿਰ ਸਮੇਤ ਅੱਠ ਥਾਵਾਂ ਤੋਂ ਯਮੁਨਾ ਦੇ ਪਾਣੀ ਦੇ ਨਮੂਨੇ ਇਕੱਠੇ ਕੀਤੇ। ਵਰਮਾ ਨੇ ਕਿਹਾ ਕਿ ਯਮੁਨਾ ਨਦੀ ’ਚ ਫੇਕਲ ਕੋਲੀਫਾਰਮ ਬੈਕਟੀਰੀਆ ਦੀ ਗਿਣਤੀ ਇਸ ਸਾਲ ਘਟ ਕੇ 7,900 ਯੂਨਿਟ ਪ੍ਰਤੀ 100 ਮਿਲੀਲੀਟਰ ਰਹਿ ਗਈ ਹੈ, ਜੋ ਪਿਛਲੇ ਸਾਲ 11 ਲੱਖ ਯੂਨਿਟ ਪ੍ਰਤੀ 100 ਮਿਲੀਲੀਟਰ ਸੀ।