ਪਾਰਟੀ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿਚੋਂ ਇਕ ਸਨ ਅਹਿਮਦ ਪਟੇਲ- ਡਾ. ਮਨਮੋਹਨ ਸਿੰਘ

ਏਜੰਸੀ

ਖ਼ਬਰਾਂ, ਰਾਜਨੀਤੀ

ਅਹਿਮਦ ਪਟੇਲ ਦੇ ਦੇਹਾਂਤ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਤਾ ਸ਼ੋਕ ਸੰਦੇਸ਼ 

Manmohan Singh

ਨਵੀਂ ਦਿੱਲੀ: ਕਾਂਗਰਸ ਦਿੱਗਜ਼ ਨੇਤਾ ਅਹਿਮਦ ਪਟੇਲ ਦੇ ਦੇਹਾਂਤ 'ਤੇ ਕਾਂਗਰਸ ਵਿਚ ਸੋਗ ਦੀ ਲਹਿਰ ਹੈ। ਉਹਨਾਂ ਦੇ ਦੇਹਾਂਤ 'ਤੇ ਕਈ ਸਿਆਸੀ ਦਿੱਗਜ਼ਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਉਹਨਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਡਾਕਟਰ ਮਨਮੋਹਨ ਸਿੰਘ ਨੇ ਇਕ ਬਿਆਨ ਵਿਚ ਅਹਿਮਦ ਪਟੇਲ ਦੇ ਦੇਹਾਂਤ ਨੂੰ ਕਾਂਗਰਸ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਅਪਣੇ ਸ਼ੋਕ ਸੰਦੇਸ਼ ਵਿਚ ਮਨਮੋਹਨ ਸਿੰਘ ਨੇ ਲਿਖਿਆ ਕਿ ਅਹਿਮਦ ਪਟੇਲ ਪਾਰਟੀ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿਚੋਂ ਇਕ ਅਤੇ ਮੇਰੇ ਬਹੁਤ ਚੰਗੇ ਦੋਸਤ ਸਨ। 

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਹਿਮਦ ਪਟੇਲ ਦੇ ਦੇਹਾਂਤ 'ਤੇ ਕਿਹਾ ਕਿ ਉਹਨਾਂ ਨੇ ਇਕ ਸਹਿਯੋਗੀ ਗੁਆ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ। ਸੋਨੀਆ ਗਾਂਧੀ ਨੇ ਕਿਹਾ, 'ਮੈਂ ਇਕ ਵਫਾਦਾਰ ਸਹਿਯੋਗੀ ਗੁਆ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ।

ਉਹਨਾਂ ਦੀ ਇਮਾਨਦਾਰੀ, ਸਮਰਪਣ ਤੇ ਕਰਤੱਵ, ਹਮੇਸ਼ਾ ਮਦਦ ਕਰਨ ਦੀ ਕੋਸ਼ਿਸ਼, ਉਦਾਰਤਾ ਵਰਗੇ ਗੁਣ ਸਨ, ਜੋ ਉਹਨਾਂ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੇ ਸਨ। ਦੱਸ ਦਈਏ ਕਿ ਕਾਂਗਰਸ ਨੇਤਾ ਅਹਿਮਦ ਪਟੇਲ ਦਾ ਬੁੱਧਵਾਰ ਤੜਕੇ 3.30 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਕਾਂਗਰਸ ਦੇ ਚਾਣਕਿਆ ਕਹੇ ਜਾਣ ਵਾਲੇ ਅਹਿਮਦ ਪਟੇਲ ਦੇ ਦੇਹਾਂਤ 'ਤੇ ਕਾਂਗਰਸ ਪਾਰਟੀ ਵਿਚ ਸੋਗ ਦੀ ਲਹਿਰ ਹੈ।