‘ਇੰਡੀਆ’ ਗੱਠਜੋੜ ’ਚ ਮਜ਼ਬੂਤੀ ਨਾਲ ਹਾਂ, ਪਰ ਕਾਂਗਰਸ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ : ਜੇ.ਡੀ.ਯੂ. 

ਏਜੰਸੀ

ਖ਼ਬਰਾਂ, ਰਾਜਨੀਤੀ

ਗੱਠਜੋੜ (ਐਨ.ਡੀ.ਏ.) ’ਚ ਵਾਪਸੀ ਕਰਨ ਬਾਰੇ ਖ਼ਬਰਾਂ ਨੂੰ ਝੂਠ ਦਸਿਆ

Nitish Kumar Yadav and Lalu Prasad Yadav

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਰਟੀ ਵਿਰੋਧੀ ‘ਇੰਡੀਆ’ ਗੱਠਜੋੜ ਦੇ ਨਾਲ ਹੈ ਪਰ ਚਾਹੁੰਦੀ ਹੈ ਕਿ ਕਾਂਗਰਸ ਗੱਠਜੋੜ ਭਾਈਵਾਲਾਂ ਅਤੇ ਸੀਟਾਂ ਦੀ ਵੰਡ ’ਤੇ ਆਤਮ-ਨਿਰੀਖਣ ਕਰੇ। ਬਿਹਾਰ ਜਨਤਾ ਦਲ (ਯੂ) ਦੇ ਪ੍ਰਧਾਨ ਉਮੇਸ਼ ਸਿੰਘ ਕੁਸ਼ਵਾਹਾ ਨੇ ਇਹ ਬਿਆਨ ਉਨ੍ਹਾਂ ਅਫਵਾਹਾਂ ਦਾ ਖੰਡਨ ਕਰਦਿਆਂ ਦਿਤਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ’ਚ ਵਾਪਸੀ ਕਰਨ ਬਾਰੇ ਸੋਚ ਰਹੀ ਹੈ। 
ਕੁਸ਼ਵਾਹਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਹਾਰ ’ਚ ਸੱਤਾਧਾਰੀ ਮਹਾਗਠਜੋੜ ’ਚ ਸੱਭ ਕੁੱਝ ਠੀਕ ਹੈ ਅਤੇ ਮੀਡੀਆ ਦੀਆਂ ਅਟਕਲਾਂ ਕਿਸੇ ਏਜੰਡੇ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ, ‘‘ਮੈਂ ਕੱਲ੍ਹ ਅਤੇ ਅੱਜ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਹ ਇਕ ਨਿਯਮਤ ਮਾਮਲਾ ਹੈ। ਚੱਲ ਰਹੀਆਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ। ਅਸੀਂ ਇਨ੍ਹਾਂ ਅਫਵਾਹਾਂ ਨੂੰ ਵੀ ਰੱਦ ਕਰਦੇ ਹਾਂ ਕਿ ਪਾਰਟੀ ਵਿਧਾਇਕਾਂ ਨੂੰ ਤੁਰਤ ਪਟਨਾ ਆਉਣ ਲਈ ਕਿਹਾ ਗਿਆ ਹੈ।’’
ਉਨ੍ਹਾਂ ਨੇ ਗਣਤੰਤਰ ਦਿਵਸ ਪਰੇਡ ’ਚ ਕੁਮਾਰ ਅਤੇ ਉਪ ਮੁੱਖ ਮੰਤਰੀ ਤੇ ਕੌਮੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਦੇ ਇਕ-ਦੂਜੇ ਤੋਂ ਦੂਰ ਬੈਠਣ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ ਕਿ, ‘‘ਅਸੀਂ ਮਜ਼ਬੂਤ ਨਾਲ ‘ਇੰਡੀਆ’ ਗੱਠਜੋੜ ਦੇ ਨਾਲ ਹਾਂ।’’
ਕੁਸ਼ਵਾਹਾ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਕਾਂਗਰਸ, ਜੋ ਸਾਡੀ ਗੱਠਜੋੜ ਭਾਈਵਾਲ ਹੈ, ਹੋਰ ਭਾਈਵਾਲਾਂ ਪ੍ਰਤੀ ਅਪਣੇ ਸਟੈਂਡ ਅਤੇ ਸੀਟਾਂ ਦੀ ਵੰਡ ਦੇ ਸਬੰਧ ’ਚ ਕੁੱਝ ਆਤਮ-ਨਿਰੀਖਣ ਕਰੇ। ਸਾਡੇ ਨੇਤਾ ਨਿਤੀਸ਼ ਕੁਮਾਰ ਲੰਮੇ ਸਮੇਂ ਤੋਂ ਸੀਟਾਂ ਦੀ ਵੰਡ ਦੇ ਸਮਝੌਤੇ ਨੂੰ ਛੇਤੀ ਅੰਤਿਮ ਰੂਪ ਦੇਣ ਦੀ ਜ਼ਰੂਰਤ ’ਤੇ ਜ਼ੋਰ ਦੇ ਰਹੇ ਹਨ ਤਾਂ ਜੋ ਅਸੀਂ ਲੋਕ ਸਭਾ ਚੋਣਾਂ ’ਤੇ ਧਿਆਨ ਕੇਂਦਰਿਤ ਕਰ ਸਕੀਏ।’’
ਜੇ.ਡੀ. (ਯੂ) ਨੇਤਾ ਦਾ ਇਹ ਬਿਆਨ ਵਿਰੋਧੀ ਗੱਠਜੋੜ ‘ਇੰਡੀਆ’ ਦੇ ਦੋ ਭਾਈਵਾਲਾਂ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਅਤੇ ਆਮ ਆਦਮੀ ਪਾਰਟੀ (ਆਪ) ਦੇ ਕ੍ਰਮਵਾਰ ਪਛਮੀ ਬੰਗਾਲ ਅਤੇ ਪੰਜਾਬ ’ਚ ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਨ ਦੇ ਪਿਛੋਕੜ ’ਚ ਆਇਆ ਹੈ। ਜੇ.ਡੀ.ਯੂ. ਦੀ ਐਨ.ਡੀ.ਏ. ’ਚ ਵਾਪਸੀ ਬਾਰੇ ਇਕ ਤਿੱਖੇ ਸਵਾਲ ’ਤੇ ਕੁਸ਼ਵਾਹਾ ਨੇ ਕਿਹਾ, ‘‘ਇਹ ਕਿਸੇ ਏਜੰਡੇ ਵਾਲੇ ਲੋਕਾਂ ਵਲੋਂ ਫੈਲਾਈ ਗਈ ਅਫਵਾਹ ਹੈ। ਜੇ.ਡੀ. (ਯੂ) ਨੇ ਲਗਭਗ ਦੋ ਸਾਲ ਪਹਿਲਾਂ ਐਨ.ਡੀ.ਏ. ਛੱਡ ਦਿਤਾ ਸੀ ਅਤੇ ਬਿਹਾਰ ’ਚ ਆਰ.ਜੇ.ਡੀ. ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਸੀ।’’
ਕੁਸ਼ਵਾਹਾ ਤੋਂ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਨੀ ਅਚਾਰੀਆ ਦੀ ਸੋਸ਼ਲ ਮੀਡੀਆ ਪੋਸਟ ਬਾਰੇ ਵੀ ਪੁਛਿਆ ਗਿਆ, ਜਿਸ ਵਿਚ ਉਹ ਕੁਮਾਰ ’ਤੇ ਨਿਸ਼ਾਨਾ ਸਾਧਦੀ ਨਜ਼ਰ ਆ ਰਹੀ ਸੀ, ਜਿਸ ’ਤੇ ਜੇ.ਡੀ. (ਯੂ) ਨੇਤਾ ਨੇ ਜਵਾਬ ਦਿਤਾ, ‘‘ਅਸੀਂ ਇਸ ’ਤੇ ਕੋਈ ਧਿਆਨ ਨਹੀਂ ਦਿੰਦੇ ਕਿਉਂਕਿ ਰੋਹਿਨੀ ਅਚਾਰੀਆ ਆਰ.ਜੇ.ਡੀ. ਦੀ ਅਹੁਦੇਦਾਰ ਨਹੀਂ ਹੈ।’’
ਇਸ ਦੌਰਾਨ ਵਿਰੋਧੀ ਗੱਠਜੋੜ ‘ਇੰਡੀਆ’ ’ਚ ਸੀਟਾਂ ਦੀ ਵੰਡ ’ਚ ਦੇਰੀ ਬਾਰੇ ਪੁੱਛੇ ਜਾਣ ’ਤੇ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੇ ਸਵਾਲ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਬਾਰੇ ਕੋਈ ਕਿਉਂ ਨਹੀਂ ਪੁੱਛਦਾ, ਜਿਸ ਨੇ ਅਜੇ ਤਕ ਸਹਿਯੋਗੀਆਂ ਨਾਲ ਸੀਟਾਂ ਦੀ ਵੰਡ ’ਤੇ ਸਮਝੌਤਾ ਨਹੀਂ ਕੀਤਾ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਬਿਹਾਰ ’ਚ ਸਾਡੇ ਨੇਤਾ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਐਨ.ਡੀ.ਏ. ’ਚ ਵਾਪਸ ਜਾਣ ਦੀਆਂ ਅਫਵਾਹਾਂ ਕਿੱਥੋਂ ਸ਼ੁਰੂ ਹੋਈਆਂ ਹਨ। 

 

 

 

ਚਿਰਾਗ ਨੇ ਭਾਜਪਾ ਦੇ ਨਿਤੀਸ਼ ਕੁਮਾਰ ਨਾਲ ਹੱਥ ਮਿਲਾਉਣ ਦੀਆਂ ਕਿਆਸਿਆਂ ਨੂੰ ਕਾਲਪਨਿਕ ਦੱਸਦਿਆਂ ਰੱਦ ਕੀਤਾ
ਪਟਨਾ: ਬਿਹਾਰ ’ਚ ਸਿਆਸੀ ਅਨਿਸ਼ਚਿਤਤਾ ਦਰਮਿਆਨ ਲੋਕ ਜਨਸ਼ਕਤੀ ਪਾਰਟੀ ਦੇ ਸਾਬਕਾ ਪ੍ਰਧਾਨ ਚਿਰਾਗ ਪਾਸਵਾਨ ਨੇ ਸ਼ੁਕਰਵਾਰ ਨੂੰ ਪ੍ਰਗਟਾਵਾ ਕੀਤਾ ਕਿ ਉਹ ਖੁਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਟੀ ਦੀ ਲੀਡਰਸ਼ਿਪ ਨਾਲ ਲਗਾਤਾਰ ਸੰਪਰਕ ’ਚ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਸਵਾਲਾਂ ਨੂੰ ‘ਕਾਲਪਨਿਕ’ ਕਰਾਰ ਦਿਤਾ ਕਿ ਕੀ ਮੁੱਖ ਮੰਤਰੀ ਨਿਤੀਸ਼ ਕੁਮਾਰ ਉਨ੍ਹਾਂ ਨੂੰ ਐਨ.ਡੀ.ਏ. ਦੇ ਨਵੇਂ ਭਾਈਵਾਲ ਵਜੋਂ ਸਵੀਕਾਰ ਕਰਨਗੇ। 
ਵੀਰਵਾਰ ਸ਼ਾਮ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ ਪਾਸਵਾਨ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘‘ਮੈਂ ਅਗਲੇ ਕੁੱਝ ਦਿਨਾਂ ਲਈ ਮਹੱਤਵਪੂਰਨ ਘਟਨਾਕ੍ਰਮ ’ਤੇ ਦਿੱਲੀ ’ਚ ਸਲਾਹ-ਮਸ਼ਵਰੇ ਕਾਰਨ ਸੂਬੇ ’ਚ ਅਪਣੇ ਪ੍ਰੋਗਰਾਮ ਰੱਦ ਕਰ ਦਿਤੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਲਗਾਤਾਰ ਸੰਪਰਕ ’ਚ ਹਾਂ। ਦਿੱਲੀ ਤੋਂ ਪਟਨਾ ਆਉਣ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਮੈਂ ਕੱਲ੍ਹ ਸ਼ਾਮ ਉਨ੍ਹਾਂ ਨਾਲ ਗੱਲ ਕੀਤੀ। ਮੈਂ ਦਿੱਲੀ ਵਾਪਸ ਜਾ ਰਿਹਾ ਹਾਂ।’’
ਉਨ੍ਹਾਂ ਕਿਹਾ, ‘‘ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਰਗੇ ਸਾਡੇ ਚੋਟੀ ਦੇ ਨੇਤਾਵਾਂ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਭਾਜਪਾ ਦੇ ਦਰਵਾਜ਼ੇ ਬੰਦ ਹੋ ਗਏ ਹਨ। ਪਾਰਟੀ ਵਰਕਰ ਹੋਣ ਦੇ ਨਾਤੇ ਮੈਂ ਅਪਣੇ ਸਟੈਂਡ ’ਤੇ ਕਾਇਮ ਹਾਂ। ਸਾਡੇ ਲਈ ਨਿਤੀਸ਼ ਕੁਮਾਰ ਇਕ ਅਜਿਹੇ ਸਿਆਸਤਦਾਨ ਹਨ ਜੋ ਅਪਣੇ ਸਾਥੀਆਂ ਨੂੰ ਕੱਪੜਿਆਂ ਵਾਂਗ ਬਦਲਦੇ ਹਨ।’’