ਐਂਬੀ ਵੈਲੀ ਦੀ ਨੀਲਾਮੀ ਨਹੀਂ ਰੁਕੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਅੱਜ ਸਹਾਰਾ ਦੇ ਮੁਖੀ ਸੁਬਰਾਤੋ ਰਾਏ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ ਜਿਸ ਵਿਚ ਉਨ੍ਹਾਂ ਮੰਗ ਕੀਤੀ ਸੀ ਕਿ ਸਹਾਰਾ ਗਰੁੱਪ ਦੇ ਪੁਣੇ ਸਥਿਤ ਐਂਬੀ ਵੈਲੀ

Aamby Valley City

ਨਵੀਂ ਦਿੱਲੀ, 10 ਅਗੱਸਤ: ਸੁਪਰੀਮ ਕੋਰਟ ਨੇ ਅੱਜ ਸਹਾਰਾ ਦੇ ਮੁਖੀ ਸੁਬਰਾਤੋ ਰਾਏ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ ਜਿਸ ਵਿਚ ਉਨ੍ਹਾਂ ਮੰਗ ਕੀਤੀ ਸੀ ਕਿ ਸਹਾਰਾ ਗਰੁੱਪ ਦੇ ਪੁਣੇ ਸਥਿਤ ਐਂਬੀ ਵੈਲੀ ਪ੍ਰਾਜੈਕਟ ਦੀ ਨੀਲਾਮੀ ਦੀ ਪ੍ਰਕਿਰਿਆ ਨੂੰ ਰੋਕ ਦਿਤਾ ਜਾਵੇ।
ਸੁਬਰਾਤੋ ਰਾਏ ਵਲੋਂ ਅਦਾਲਤ ਵਿਚ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਐਂਬੀ ਵੈਲੀ ਦੀ ਨੀਲਾਮੀ ਪ੍ਰਕਿਰਿਆ ਨੂੰ 30 ਸਤੰਬਰ ਮਹੀਨੇ ਤਕ ਰੋਕ ਦੇਣਾ ਚਾਹੀਦਾ ਹੈ ਤਾਕਿ ਸੁਬਰਾਤੋ ਰਾਏ ਸੇਬੀ-ਸਹਾਰਾ ਖ਼ਾਤੇ ਵਿਚ 1500 ਕਰੋੜ ਰੁਪਏ ਜਮ੍ਹਾਂ ਕਰਾਉਣ ਦਾ ਪ੍ਰਬੰਧ ਕਰ ਸਕਣ। ਅਦਾਲਤ ਨੇ ਇਹ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਉਹ ਸਹੀ ਸਮਾਂ ਆਉਣ 'ਤੇ ਇਸ ਸਬੰਧੀ ਹੁਕਮ ਦੇਵੇਗੀ। ਰਾਏ ਨੇ 34 ਹਜ਼ਾਰ ਕਰੋੜ ਦੀ ਕੀਮਤ ਵਾਲੀ ਐਂਬੀ ਵੈਲੀ ਦੀ ਨੀਲਾਮੀ ਪ੍ਰਕਿਰਿਆ ਨੂੰ ਰੁਕਵਾਉਣ ਲਈ ਕਲ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਨੇ 25 ਜੁਲਾਈ ਨੂੰ ਸਹਾਰਾ ਮੁਖੀ ਨੂੰ ਇਹ ਕਿਹਾ ਸੀ ਕਿ ਉਹ ਸੱਤ ਸਤੰਬਰ ਤਕ ਸੇਬੀ-ਸਹਾਰਾ ਖ਼ਾਤੇ ਵਿਚ 1500 ਕਰੋੜ ਰੁਪਏ ਜਮ੍ਹਾਂ ਕਰਵਾਏ ਅਤੇ ਇਸ ਤੋਂ ਬਾਅਦ ਹੀ ਸਹਾਰਾ ਮੁਖੀ ਨੂੰ ਬਾਕੀ ਪੂਰੀ ਰਕਮ ਜਮ੍ਹਾਂ ਕਰਾਉਣ ਲਈ 18 ਮਹੀਨੇ ਮੰਗਣ ਦੀ ਪਟੀਸ਼ਨ 'ਤੇ ਵਿਚਾਰ ਕੀਤਾ ਜਾਵੇਗਾ। ਸਹਾਰਾ ਸਮੂਹ ਵਿਚ ਮੂਲ 24 ਹਜ਼ਾਰ ਕਰੋੜ ਦੀ ਰਕਮ ਵਿਚੋਂ ਰਹਿੰਦੀ 9 ਹਜ਼ਾਰ ਕਰੋੜ ਦੀ ਪੂਰੀ ਰਕਮ ਨੂੰ ਜਮ੍ਹਾਂ ਕਰਾਉਣ ਲਈ 18 ਮਹੀਨੇ ਦੇ ਸਮੇਂ ਦੀ ਮੰਗ ਕੀਤੀ ਸੀ। ਸੁਬਰਾਤੋ ਰਾਏ ਲਗਭਗ ਦੋ ਸਾਲ ਜੇਲ ਵਿਚ ਰਹਿ ਚੁੱਕਾ ਹੈ ਅਤੇ ਪਿਛਲੇ ਸਾਲ ਦੀ ਛੇ ਮਈ ਤੋਂ ਉਹ ਪੈਰੋਲ 'ਤੇ ਚਲ ਰਿਹਾ ਹੈ। ਸੁਬਰਾਤੋ ਨੂੰ ਪਹਿਲੀ ਵਾਰ ਪੈਰੋਲ ਉਸ ਦੀ ਮਾਤਾ ਦੀ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਲਈ ਮਿਲੀ ਸੀ ਪਰ ਉਸ ਤੋਂ ਬਾਅਦ ਉਸ ਦੀ ਪੈਰੋਲ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। (ਪੀ.ਟੀ.ਆਈ.)