ਆੜ੍ਹਤੀਆਂ ਨੇ ਥਾਣੇ ਅੱਗੇ ਲਗਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆੜ੍ਹਤੀਆ ਐਸੋਸੀਏਸ਼ਨ ਰਾਮਪੁਰਾ ਫੂਲ ਵਲੋਂ ਆੜ੍ਹਤੀ ਸੁਰੇਸ਼ ਬਾਹੀਆ ਦੇ ਹੱਕ ਵਿਚ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ

Protest

ਰਾਮਪੁਰਾ ਫੂਲ, 10 ਅਗੱਸਤ (ਕੁਲਜੀਤ ਸਿੰਘ ਢੀਂਗਰਾ) : ਆੜ੍ਹਤੀਆ ਐਸੋਸੀਏਸ਼ਨ ਰਾਮਪੁਰਾ ਫੂਲ ਵਲੋਂ ਆੜ੍ਹਤੀ ਸੁਰੇਸ਼ ਬਾਹੀਆ ਦੇ ਹੱਕ ਵਿਚ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ ਗਈ। ਆੜ੍ਹਤੀਆਂ ਵਲੋਂ ਲਗਾਏ ਇਸ ਰੋਸ ਮਈ ਧਰਨੇ ਵਿਚ ਵਪਾਰ ਮੰਡਲ, ਸ਼ੈਲਰ ਐਸੋਸੀਏਸ਼ਨ ਤੋਂ ਇਲਾਵਾ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਵਰਕਰਾ ਨੇ ਭਾਗ ਲਿਆ।
ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਹਲਕਾ ਮੋੜ ਦੇ ਪਿੰਡ ਜਿਊਂਦ ਵਿਖੇ ਇੱਕ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲਈ ਸੀ ਜਿਸਦੇ ਚਲਦਿਆਂ ਪੁਲਿਸ ਨੇ ਰਾਮਪੁਰਾ ਫੂਲ ਦੇ ਆੜਤੀਏ ਸੁਰੇਸ਼ ਬਾਹੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਸੀ। ਜਿਸ ਦੇ ਵਿਰੋਧ ਵਿਚ ਰਾਮਪੁਰਾ ਫੂਲ ਦੇ ਆੜ੍ਹਤੀਆਂ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਆੜ੍ਹਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਆੜਤੀਏ ਵਿਰੁਧ ਦਰਜ ਪਰਚੇ ਨੂੰ ਖਾਰਜ ਕਰਨ ਦੀ ਮੰਗ ਕਰਦਿਆਂ ਪੁਲਿਸ ਵਿਰੁਧ ਜਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਕਾਂਗਰਸੀ ਲੀਡਰ ਅਮਰਜੀਤ ਸ਼ਰਮਾ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਬੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਆੜ੍ਹਤੀਏ ਵਿਰੁਧ ਬਿਨਾਂ ਜਾਂਚ-ਪੜਤਾਲ ਪਰਚਾ ਦਰਜ ਕਰਨਾ ਗ਼ਲਤ ਹੈ। ਇਸ ਨਾਲ ਕਿਸਾਨ ਤੇ ਆੜ੍ਹਤੀਆਂ ਵਿਚ ਬਣੇ ਰਿਸ਼ਤੇ ਦੀ ਤੰਦ ਟੁੱਟ ਜਾਵੇਗੀ। ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆੜ੍ਹਤੀ ਸੁਰੇਸ਼ ਬਾਹੀਆ ਵਿਰੁਧ ਦਰਜ ਮਾਮਲਾ ਖਾਰਜ ਨਾ ਕੀਤਾ ਗਿਆ ਤਾਂ ਸ਼ੁੱਕਰਵਾਰ ਨੂੰ ਰਾਮਪੁਰਾ ਫੂਲ ਦੇ ਬਾਜ਼ਾਰ ਬੰਦ ਕਰ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ ਨੂੰ ਤੇਜ਼ ਕੀਤਾ ਜਾਵੇਗਾ।
ਦੂਜੇ ਪਾਸੇ ਮ੍ਰਿਤਕ ਕਿਸਾਨ ਟੇਕ ਸਿੰਘ ਦੀ ਲਾਸ਼ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਮੋਰਚਰੀ ਰੂਮ 'ਚ ਪਈ ਹੈ ਜਿਸ ਦਾ ਅਜੇ ਤਕ ਸਸਕਾਰ ਨਹੀਂ ਕੀਤਾ ਗਿਆ। ਕਿਸਾਨ ਜਥੇਬੰਦੀਆਂ ਆੜ੍ਹਤੀਏ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ। ਦੋਵਾਂ ਧਿਰਾਂ ਵਿਚ ਵਧ ਰਹੀ ਖਿੱਚੋਤਾਣ ਜਿਥੇ ਪੁਲਿਸ ਵਿਭਾਗ ਲਈ ਸਿਰਦਰਦ ਬਣੀ ਹੋਈ ਹੈ, ਉਥੇ ਹੀ ਇਹ ਮਾਮਲਾ ਰਾਜਨੀਤਕ ਰੰਗ ਪਕੜਦਾ ਜਾ ਰਿਹਾ ਹੈ।