ਸ਼ਰਮੀਲਾ ਟੈਗੋਰ ਨੇ ਭੋਪਾਲ ਦੀ ਸ਼ਾਹੀ ਸੰਪਤੀ 'ਤੇ ਕੀਤਾ ਦਾਅਵਾ
ਬਾਲੀਵੁਡ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਭੋਪਾਲ ਦੀ ਸ਼ਾਹੀ ਜਾਇਦਾਦ 'ਦਰ-ਉਸ-ਸਲਾਮ' ਉਤੇ ਅਪਣੀ ਮਾਲਕੀ ਦਾ ਦਾਅਵਾ ਕਰਦਿਆਂ ਇਸ ਨੂੰ ਖ਼ਾਲੀ ਕਰਾਉਣ ਲਈ ਪ੍ਰਸ਼ਾਸਨ ਕੋਲ ਇਕ...
ਭੋਪਾਲ, 10 ਅਗੱਸਤ: ਬਾਲੀਵੁਡ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਭੋਪਾਲ ਦੀ ਸ਼ਾਹੀ ਜਾਇਦਾਦ 'ਦਰ-ਉਸ-ਸਲਾਮ' ਉਤੇ ਅਪਣੀ ਮਾਲਕੀ ਦਾ ਦਾਅਵਾ ਕਰਦਿਆਂ ਇਸ ਨੂੰ ਖ਼ਾਲੀ ਕਰਾਉਣ ਲਈ ਪ੍ਰਸ਼ਾਸਨ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਇਸ ਸ਼ਾਹੀ ਜਾਇਦਾਦ ਵਿਚ ਰਹਿਣ ਵਾਲੇ ਵਿਅਕਤੀਆਂ ਵਿਰੁਧ ਨੋਟਿਸ ਜਾਰੀ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ਾਹੀ ਜਾਇਦਾਦ ਭੋਪਾਲ ਦੇ ਕੋਹ-ਏ-ਫ਼ਿਜ਼ਾ ਖੇਤਰ ਦੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਹੈ।
ਮਰਹੂਮ ਕ੍ਰਿਕਟ ਖਿਡਾਰੀ ਮਨਸੂਰ ਅਲੀ ਖ਼ਾਨ ਪਟੌਦੀ ਦੀ ਪਤਨੀ ਅਤੇ ਬਾਲੀਵੁਡ ਅਦਾਕਾਰ ਸੈਫ਼ ਅਲੀ ਖ਼ਾਨ ਦੀ ਮਾਤਾ ਸ਼ਰਮੀਲਾ ਟੈਗੋਰ ਨੇ ਇਸ ਸ਼ਾਹੀ ਜਾਇਦਾਦ 'ਤੇ ਮਾਲਕੀ ਦੇ ਹੱਕ ਦਾ ਦਾਅਵਾ ਕੀਤਾ ਹੈ। ਮਾਲਕੀ ਦਾ ਦਾਅਵਾ ਪੇਸ਼ ਕਰਦਿਆਂ ਸ਼ਰਮੀਲਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਮਨਸੂਰ ਅਲੀ ਖ਼ਾਨ ਪਟੌਦੀ ਭੋਪਾਲ ਦੇ ਸ਼ਾਹੀ ਪਰਵਾਰ ਦੇ ਉਤਰਾਧਿਕਾਰੀ ਸਨ ਕਿਉਂਕਿ ਉਹ ਭੋਪਾਲ ਦੇ ਆਖ਼ਰੀ ਨਵਾਬ ਹਮਾਇਦਉਲਾ ਖ਼ਾਨ ਦੇ ਪੋਤਰੇ ਸਨ।
ਭੋਪਾਲ ਦੇ ਬੈਰਾਗੜ੍ਹ ਸਰਕਲ ਦੇ ਤਹਿਸੀਲਦਾਰ ਅਜੇ ਪ੍ਰਤਾਪ ਸਿੰਘ ਨੇ ਕਿਹਾ, 'ਕੁੱਝ ਮਹੀਨੇ ਪਹਿਲਾ ਸ਼ਰਮੀਲਾ ਟੈਗੋਰ ਨੇ 'ਦਰ-ਉਸ-ਸਲਾਮ' ਰਿਹਾਇਸ਼ੀ ਜਾਇਦਾਦ 'ਤੇ ਅਪਣਾ ਮਾਲਕੀ ਹੱਕ ਪੇਸ਼ ਕਰਦਿਆਂ ਜਾਇਦਾਦ ਨੂੰ ਖ਼ਾਲੀ ਕਰਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਇਸ ਥਾਂ 'ਤੇ ਰਹਿ ਰਹੇ ਆਜ਼ਮ ਖ਼ਾਨ ਅਤੇ ਨਵਾਬ ਰਾਜ਼ਾ ਨੂੰ ਅਪਣਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਸੀ।' ਸ਼ਰਮੀਲਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਈਅਦ ਨਵਾਬ ਰਾਜਾ ਅਤੇ ਆਜ਼ਮ ਨੇ ਉਨ੍ਹਾਂ ਦੀ ਜਾਇਦਾਦ 'ਤੇ ਕਬਜ਼ਾ ਕੀਤਾ ਹੋਇਆ ਹੈ। (ਪੀ.ਟੀ.ਆਈ.)