ਮਾਨ ਸਾਬ੍ਹ, ਕੇਜਰੀਵਾਲ ਦੇ ਮਾਡਲ ਦੀ ਮਾਰਕੀਟਿੰਗ ਕਰਨ ਦੀ ਬਜਾਇ ਪੰਜਾਬ ਦੇ ਸਕੂਲਾਂ ਦੀ ਤਾਰੀਫ਼ ਕਰੋ - ਰਾਜਾ ਵੜਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਅਜਿਹੇ ਕਿੰਨੇ ਹੀ ਸਕੂਲ ਪੰਜਾਬ ਵਿੱਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲੋਂ ਵਧੀਆ ਹਨ

punjab politics

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ ਤੋਂ ਦਿੱਲੀ ਦੇ ਦੋ ਰੋਜ਼ਾ ਦੌਰੇ ਲਈ ਗਏ ਹੋਏ ਹਨ ਅਤੇ ਉਥੇ ਉਹ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। ਇਸ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਇਸ ਸਬੰਧੀ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਨੂੰ ਸਲਾਹ ਦਿਤੀ ਹੈ ਕਿ ਉਹ ਦਿੱਲੀ ਦੇ ਸਕੂਲਾਂ ਨੂੰ ਛੱਡ ਕੇ ਪੰਜਾਬ ਦੇ ਸਕੂਲਾਂ ਵਲ ਧਿਆਨ ਦੇਣ ਕਿਉਂਕਿ ਪੰਜਾਬ ਵਿਚ ਵੀ ਬਹੁਤ ਸਾਰੇ ਵਧੀਆ ਸਕੂਲ ਹਨ। ਰਾਜਾ ਵੜਿੰਗ ਨੇ ਮਾਨ ਦੀ ਦਿੱਲੀ ਫੇਰੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਲਿਖਿਆ, ''ਮਾਨ ਸਾਬ੍ਹ, ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ ਵਿੱਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲੋਂ ਵਧੀਆ ਹਨ।

ਸਾਡੇ ਪੰਜਾਬ ਦੇ ਅਧਿਆਪਕ ਵੀ ਬਹੁਤ ਹੀ ਵਧੀਆ ਹਨ।'' ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਮਾਨ ਸਾਬ੍ਹ, ਹੁਣ ਤੁਸੀ ਪੰਜਾਬ ਦੇ ਮੁੱਖ ਮੰਤਰੀ ਹੋ। ਇਸ ਲਈ ਕਿਰਪਾ ਕਰਕੇ ਕੇਜਰੀਵਾਲ ਜੀ ਦੇ ਮਾਡਲ ਦੀ ਮਾਰਕਟਿੰਗ ਕਰਨ ਦੀ ਥਾਂ ਤੇ ਪੰਜਾਬ ਦੇ ਇਨ੍ਹਾਂ ਸਕੂਲਾਂ ਦੀ ਤਾਰੀਫ਼ ਕਰੋ।

ਇਸ ਤੋਂ ਇਲਾਵਾ ਮਾਨ ਦੀ ਦਿੱਲੀ ਫੇਰੀ 'ਤੇ ਤੰਜ਼ ਕਰਦਿਆਂ ਜੈਜੀਤ ਸਿੰਘ ਜੋਹਲ ਨੇ ਵੀ ਬਠਿੰਡਾ ਦੇ ਸਕੂਲ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਜੈਜੀਤ ਜੋਹਲ ਦੇ ਨਾਲ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਨਜ਼ਰ ਆ ਰਹੇ ਹਨ।

ਜੈਜੀਤ ਨੇ ਲਿਖਿਆ ਕਿ ਮੁੱਖ ਮੰਤਰੀ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੈ ਸਗੋਂ ਬਠਿੰਡਾ ਦੇ ਇਸ ਸਕੂਲ ਦਾ ਜੋ ਬੁਨਿਆਦੀ ਢਾਂਚਾ ਹੈ ਉਸ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ।