Rahul Gandhi: ਜਾਤ ਆਧਾਰਤ ਪਹਿਲਾਂ ਮਰਦਮਸ਼ੁਮਾਰੀ ਨਾ ਕਰਾਉਣਾ ਮੇਰੀ ਗ਼ਲਤੀ : ਰਾਹੁਲ ਗਾਂਧੀ
ਕਿਹਾ, ਅਪਣੀ ਗ਼ਲਤੀ ਹੁਣ ਠੀਕ ਕਰਾਂਗੇ
Rahul Gandhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਮਨਜ਼ੂਰ ਕੀਤਾ ਕਿ ਇਹ ਉਨ੍ਹਾਂ ਦੀ ਗਲਤੀ ਸੀ ਨਾ ਕਿ ਪਾਰਟੀ ਦੀ ਕਿ ਉਹ ਪਹਿਲਾਂ ਜਾਤ ਅਧਾਰਤ ਮਰਦਮਸ਼ੁਮਾਰੀ ਨਹੀਂ ਕਰਵਾ ਸਕੇ ਸਨ ਅਤੇ ਹੁਣ ਉਹ ਇਸ ਨੂੰ ਸੁਧਾਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ 21 ਸਾਲਾਂ ਦੇ ਸਿਆਸੀ ਜੀਵਨ ਵਿਚ ਇਕ ‘ਗਲਤੀ’ ਕੀਤੀ ਹੈ, ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਵਰਗ ਦੇ ਹਿੱਤਾਂ ਦੀ ਉਨੀ ਰੱਖਿਆ ਨਹੀਂ ਕਰ ਰਹੀ ਜਿੰਨੀ ਉਨ੍ਹਾਂ ਨੂੰ ਕਰਨੀ ਚਾਹੀਦੀ ਸੀ।
ਇੱਥੇ ਤਾਲਕਟੋਰਾ ਸਟੇਡੀਅਮ ’ਚ ਓ.ਬੀ.ਸੀ. ਦੇ ‘ਭਾਗੀਦਾਰੀ ਨਿਆਂ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਤੇਲੰਗਾਨਾ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਇਕ ‘ਸਿਆਸੀ ਭੂਚਾਲ’ ਹੈ, ਜਿਸ ਨੂੰ ਪੂਰੇ ਦੇਸ਼ ’ਚ ਮਹਿਸੂਸ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਮੈਂ 2004 ਤੋਂ ਸਿਆਸਤ ਕਰ ਰਿਹਾ ਹਾਂ, 21 ਸਾਲ ਹੋ ਗਏ ਹਨ ਅਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਅਤੇ ਸਵੈ-ਵਿਸ਼ਲੇਸ਼ਣ ਕਰਦਾ ਹਾਂ ਕਿ ਮੈਂ ਕਿੱਥੇ ਸਹੀ ਕੰਮ ਕੀਤਾ ਅਤੇ ਕਿੱਥੇ ਘੱਟ ਰਿਹਾ, ਤਾਂ ਮੈਂ ਦੋ-ਤਿੰਨ ਵੱਡੇ ਮੁੱਦੇ ਦੇਖਦਾ ਹਾਂ- ਭੂਮੀ ਪ੍ਰਾਪਤੀ ਬਿਲ, ਮਗਨਰੇਗਾ, ਖੁਰਾਕ ਬਿਲ, ਆਦਿਵਾਸੀਆਂ ਲਈ ਲੜਾਈ, ਮੈਂ ਇਹ ਚੀਜ਼ਾਂ ਗਲਤ ਕੀਤੀਆਂ।’’
ਉਨ੍ਹਾਂ ਅੱਗੇ ਕਿਹਾ, ‘‘ਜਦੋਂ ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਚੰਗੇ ਅੰਕ ਮਿਲਣੇ ਚਾਹੀਦੇ ਹਨ। ਔਰਤਾਂ ਦੇ ਮੁੱਦਿਆਂ ਉਤੇ ਮੈਨੂੰ ਚੰਗੇ ਅੰਕ ਮਿਲਣੇ ਚਾਹੀਦੇ ਹਨ। ਪਰ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਂ ਸਪੱਸ਼ਟ ਤੌਰ ਉਤੇ ਵੇਖ ਸਕਦਾ ਹਾਂ ਕਿ ਇਕ ਚੀਜ਼ ਵਿਚ ਮੇਰੀ ਕਮੀ ਸੀ, ਮੈਂ ਇਕ ਗਲਤੀ ਕੀਤੀ- ਮੈਂ ਓ.ਬੀ.ਸੀ. ਵਰਗ ਦੀ ਉਸ ਤਰ੍ਹਾਂ ਰੱਖਿਆ ਨਹੀਂ ਕੀਤੀ ਜਿਸ ਤਰ੍ਹਾਂ ਮੈਨੂੰ ਕਰਨੀ ਚਾਹੀਦੀ ਸੀ।’’ ਇਸ ਮੌਕੇ ਹਾਜ਼ਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਰਟੀ ਨੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਇਕ ਯੋਜਨਾ ਤਿਆਰ ਕੀਤੀ ਹੈ ਅਤੇ ਕਾਂਗਰਸ ਦੇ ਸਾਰੇ ਮੁੱਖ ਮੰਤਰੀਆਂ ਨੂੰ ਸਮਾਜ ਦੇ ਇਸ ਵਰਗ ਲਈ ਨਵੀਆਂ ਭਲਾਈ ਯੋਜਨਾਵਾਂ ਸ਼ੁਰੂ ਕਰਨ ਲਈ ਕਿਹਾ ਹੈ।