ਆਲੂ ਕਾਸ਼ਤਕਾਰਾਂ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਹਾਲ ਸੱਪ ਦੇ ਮੂੰਹ ਵਿਚ ਆਈ ਕੋਹੜ ਕਿਰਲੀ ਵਰਗਾ ਹੋ ਗਿਆ ਹੈ। ਕਿਸਾਨ 6 ਮਹੀਨੇ ਆਲੂਆਂ ਨੂੰ ਕੋਲਡ ਸਟੋਰ ਵਿਚ ਰੱਖ ਕੇ ਵੀ ਨਾ..

Potato cultivator

ਬਰਨਾਲਾ, 8 ਅਗੱਸਤ (ਜਗਸੀਰ ਸਿੰਘ ਸੰਧੂ) : ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਹਾਲ ਸੱਪ ਦੇ ਮੂੰਹ ਵਿਚ ਆਈ ਕੋਹੜ ਕਿਰਲੀ ਵਰਗਾ ਹੋ ਗਿਆ ਹੈ। ਕਿਸਾਨ 6 ਮਹੀਨੇ ਆਲੂਆਂ ਨੂੰ ਕੋਲਡ ਸਟੋਰ ਵਿਚ ਰੱਖ ਕੇ ਵੀ ਨਾ ਵੇਚਣ ਜੋਗੇ ਰਹੇ ਹਨ ਅਤੇ ਨਾ ਹੀ ਸੁੱਟਣ ਜੋਗੇ ਕਿਉਂਕਿ ਆਲੂਆਂ ਦਾ ਭਾਅ ਛੇ ਮਹੀਨੇ ਬਾਅਦ ਵੀ 3 ਰੁਪਏ ਕਿਲੋ ਹੀ ਹੈ। ਜਿਥੇ ਪੂਰੇ ਪੰਜਾਬ ਵਿਚ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨ ਦਾ ਤਾਂ ਅਰਬਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਉਥੇ ਇਕੱਲੇ ਬਰਨਾਲਾ ਜ਼ਿਲ੍ਹੇ ਦੇ ਆਲੂ ਉਤਦਾਪਕ ਕਿਸਾਨ ਲਗਭਗ 23 ਕਰੋੜ ਰੁਪਏ ਦੀ ਮਾਰ ਹੇਠ ਆ ਗਏ ਹਨ।
ਭਾਵੇਂ ਸਰਕਾਰ ਅਤੇ ਖੇਤੀਬਾੜੀ ਮਾਹਰਾਂ ਦੀ ਸਲਾਹ ਮੰਨ ਕੇ ਪੰਜਾਬ ਦੇ ਕਿਸਾਨ ਨੇ ਅਪਣੀ ਆਰਥਕ ਹਾਲਤ ਨੂੰ ਠੀਕ ਕਰਨ ਲਈ ਕਣਕ-ਝੋਨੇ ਦਾ ਫ਼ਸਲੀ ਚੱਕਰ ਤੋੜ ਕੇ ਹੋਰ ਫ਼ਸਲਾਂ ਅਤੇ ਸਬਜ਼ੀਆਂ ਬੀਜਣ ਵਲ ਰੁਝਾਨ ਕੀਤਾ ਹੈ ਪਰ ਇਨ੍ਹਾਂ ਹੋਰ ਫ਼ਸਲਾਂ ਅਤੇ ਸਬਜ਼ੀਆਂ ਦਾ ਸਹੀ ਮੰਡੀਕਰਨ ਨਾ ਹੋਣ ਕਰ ਕੇ ਕਿਸਾਨਾਂ ਨੂੰ ਲੈਣੇ ਦੇ ਦੇਣੇ ਪੈ ਰਹੇ ਹਨ। ਇਸ ਵਾਰ ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਦੇ ਮੁਤਾਬਕ ਇਕੱਲੇ ਬਰਨਾਲਾ ਜ਼ਿਲ੍ਹੇ ਵਿਚ ਕਿਸਾਨਾਂ ਵਲੋਂ 4250 ਏਕੜ ਦੇ ਕਰੀਬ ਰਕਬੇ ਵਿਚ ਆਲੂਆਂ ਦੀ ਕਾਸ਼ਤ ਕੀਤੀ ਗਈ ਸੀ, ਜਿਸ ਵਿਚੋਂ 6 ਲੱਖ 35 ਹਜ਼ਾਰ ਦੇ ਕਰੀਬ ਆਲੂਆਂ ਦੀ ਪੈਦਾਵਾਰ ਹੋਈ ਹੈ। ਖੇਤੀ ਮਾਹਰਾਂ ਅਤੇ ਆਲੂ ਕਾਸਤਕਾਰਾਂ ਦੇ ਮੁਤਾਬਕ ਆਲੂਆਂ ਦਾ ਰੇਟ 170 ਰੁਪਏ ਪ੍ਰਤੀ ਬੋਰੀ (50 ਕਿਲੋ) ਰਹਿਣ ਕਰ ਕੇ ਕਿਸਾਨਾਂ ਦਾ ਖ਼ਰਚਾ ਵੀ ਪੂਰਾ ਨਹੀਂ ਹੋਇਆ, ਕਿਉਂਕਿ ਕਿਸਾਨਾਂ ਦਾ ਪ੍ਰਤੀ ਏਕੜ ਆਲੂ ਉਗਾਉਣ ਅਤੇ ਛੇ ਮਹੀਨੇ ਕੋਲਡ ਸਟੋਰ ਵਿਚ ਰੱਖਣ ਦਾ ਖ਼ਰਚਾ ਤਾਂ ਇਕ ਲੱਖ ਰਪਏ ਤੋਂ ਉਪਰ ਆ ਗਿਆ ਜਦਕਿ ਉਨ੍ਹਾਂ ਨੂੰ ਆਲੂਆਂ ਤੋਂ ਆਮਦਨ ਸਿਰਫ਼ 50 ਹਜ਼ਾਰ ਰੁਪਏ ਰਹਿ ਗਈ। ਕਿਸਾਨਾਂ ਨੇ ਅਪਣੇ ਆਲੂ ਕੋਲਡ ਸਟੋਰਾਂ ਵਿਚ ਰੱਖ ਕੇ ਛੇ ਮਹੀਨੇ ਬਾਅਦ ਵੇਚਣ ਦਾ ਮਨ ਬਣਾ ਲਿਆ ਤਾਕਿ ਅੱਗੇ ਜਦੋਂ ਕੁੱਝ ਤੇਜ਼ੀ ਆਉਣ 'ਤੇ ਆਲੂਆਂ ਦੇ ਭਾਅ ਵਧਣ ਨਾਲ ਉਨ੍ਹਾਂ ਦਾ ਸ਼ਾਇਦ ਖ਼ਰਚਾ ਮੁੜ ਆਵੇ, ਪਰ ਹੁਣ ਛੇ ਮਹੀਨੇ ਬਾਅਦ ਵੀ ਆਲੂਆਂ ਦਾ ਰੇਟ ਤਕਰੀਬਨ ਉਥੇ ਹੀ ਖੜਾ ਹੈ, ਜਦਕਿ ਰੱਖੇ ਆਲੂਆਂ 'ਤੇ ਸਟੋਰ ਵਾਲਿਆਂ ਦਾ ਖ਼ਰਚਾ 150 ਪ੍ਰਤੀ ਬੋਰੀ ਹੋਰ ਪੈਣ ਨਾਲ ਪ੍ਰਤੀ ਏਕੜ ਖ਼ਰਚਾ ਇਕ ਲੱਖ ਰੁਪਏ ਤੋਂ ਵੀ ਟੱਪ ਗਿਆ ਹੈ।
ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦਸਿਆ ਹੈ ਕਿ ਬਹੁਤੇ ਕਿਸਾਨਾਂ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ 'ਤੇ ਲੈਕੇ ਆਲੂ ਲਾਏ ਸਨ। ਇਸ ਤਰ੍ਹਾਂ ਛੇ ਮਹੀਨੇ ਦਾ ਠੇਕਾ ਦਾ 25 ਹਜ਼ਾਰ ਰੁਪਏ, ਜ਼ਮੀਨ ਦੀ ਵਾਹ ਵਹਾਈ, ਆਲੂਆਂ ਦਾ ਬੀਜ, ਖਾਦ, ਕੀੜੇਮਾਰ ਅਤੇ ਹੋਰ ਦਵਾਈਆਂ, ਹੋਰ ਸਾਂਭ-ਸੰਭਾਲ, ਆਲੂਆਂ ਦੀ ਪੁੱਟ ਪਟਾਈ ਅਤੇ ਇਕੱਠੇ ਕਰ ਕੇ ਮੰਡੀ ਤੱਕ ਲਿਜਾਣ 'ਤੇ ਮਜ਼ਦੂਰੀ ਆਦਿ ਦਾ ਖ਼ਰਚਾ ਮਿਲਾ ਕੇ 35 ਹਜ਼ਾਰ ਰੁਪਏ ਮਿਲਾ ਕੇ ਕੁੱਲ 60 ਰੁਪਏ ਪ੍ਰਤੀ ਏਕੜ ਖ਼ਰਚਾ ਹੋ ਗਿਆ। ਇਕ ਏਕੜ ਵਿਚੋਂ 300 ਬੋਰੀ ਦੇ ਲਗਭਗ ਆਲੂ ਦਾ ਝਾੜ ਨਿਕਲਦਾ ਹੈ, ਜੋ ਉਸ ਸਮੇਂ ਮੰਡੀ ਵਿਚੋਂ ਮਿਲਦੇ ਰੇਟ 170 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਉਸ ਦੇ ਕੁਲ 50 ਕੁ ਹਜ਼ਾਰ ਰੁਪਏ ਹੀ ਬਣਦੇ ਹਨ। ਇਸ ਤਰ੍ਹਾਂ ਖ਼ਰਚਾ ਵੀ ਪੂਰਾ ਨਾ ਹੁੰਦਾ ਦੇਖ ਕੇ ਕਿਸਾਨਾਂ ਨੇ ਅਪÎਣੇ ਆਲੂਆਂ ਨੂੰ ਕੋਲਡ ਸਟੋਰਾਂ ਵਿਚ ਰੱਖ ਦਿਤਾ, ਜਿਥੇ ਕੋਲਡ ਸਟੋਰ ਵਾਲੇ ਪ੍ਰਤੀ ਬੋਰੀ 6 ਮਹੀਨਿਆਂ ਦਾ ਕਿਰਾਇਆ 150 ਰੁਪਏ ਲੈਂਦੇ ਹਨ, ਇਸ ਤਰ੍ਹਾਂ ਉਨ੍ਹਾਂ ਦਾ ਪ੍ਰਤੀ ਬੋਰੀ ਖਰਚਾ ਤਾਂ 350 ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਪ੍ਰਤੀ ਏਕੜ 45 ਹਜ਼ਾਰ ਰੁਪਏ ਕੋਲਡ ਸਟੋਰ ਦਾ ਕਿਰਾਇਆ ਬਣਨ 'ਤੇ ਇਕ ਏਕੜ ਆਲੂਆਂ ਦੀ ਫ਼ਸਲ ਦਾ ਕੁਲ ਖ਼ਰਚਾ 1 ਲੱਖ 5 ਹਜ਼ਾਰ ਰੁਪਏ ਦੇ ਕਰੀਬ ਜਾ ਬਣਦਾ ਹੈ। ਹੁਣ ਛੇ ਮਹੀਨੇ ਬਾਅਦ ਵੀ ਆਲੂਆਂ ਦੀ ਕੀਮਤ ਪ੍ਰਤੀ ਬੋਰੀ 170 ਰੁਪਏ ਹੀ ਹੈ। ਕੋਲਡ ਸਟੋਰਾਂ ਵਾਲੇ ਕਿਸਾਨਾਂ ਤੋਂ ਅੱਧਾ ਕਿਰਾਇਆ ਤਾਂ ਆਲੂ ਰੱਖਣ ਸਮੇਂ ਹੀ ਵਸੂਲ ਲੈਂਦੇ ਹਨ ਅਤੇ ਹੁਣ ਕੋਲਡ ਸਟੋਰਾਂ ਵਾਲੇ ਕਿਸਾਨਾਂ ਨੂੰ ਆਲੂ ਚੁੱਕਣ ਲਈ ਕਹਿ ਰਹੇ ਹਨ ਪਰ ਮੰਡੀ ਵਿਚ ਆਲੂਆਂ ਦਾ ਘੱਟ ਭਾਅ ਦੇਖ ਕੇ ਕਿਸਾਨ ਅਪਣÎੇ ਆਲੂ ਚੁੱਕਣ ਤੋਂ ਟਾਲਾ ਵੱਟ ਰਹੇ ਹਨ ਕਿਉਂਕਿ ਉਹ ਬਾਕੀ ਦਾ ਅੱਧਾ ਕਿਰਾਇਆ ਦੇਣ ਦੀ ਹਾਲਤ ਵਿਚ ਨਹੀਂ ਹਨ। ਜਿਸ ਕਾਰਨ ਕੋਲਡ ਸਟੋਰਾਂ ਵਾਲਿਆਂ ਅਤੇ ਕਿਸਾਨਾਂ ਦੇ ਆਪਸੀ ਸਬੰਧਾਂ ਵਿਚ ਵੀ ਤਰੇੜਾਂ ਆਉਣ ਲੱਗੀਆਂ ਹਨ। ਕੋਲਡ ਸਟੋਰਾਂ ਵਾਲੇ ਵੀ ਅਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਕਹਿ ਰਹੇ ਹਨ ਕਿ ਜੇਕਰ ਕਿਸਾਨ ਅਪਣੇ ਸਟੋਰ ਕੀਤੇ ਆਲੂ ਚੁੱਕ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਵੱਡੀ ਮਾਰ ਪੈ ਜਾਵੇਗੀ। ਉਧਰ ਕਿਸਾਨ ਯੂਨੀਅਨਾਂ ਇਸ ਮਾਮਲੇ 'ਤੇ ਸੰਘਰਸ਼ ਵਿੱਢਣ ਦੇ ਮੂਡ ਵਿਚ ਦਿਸ ਰਹੀਆਂ ਹਨ। ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਹੈ ਕਿ ਕਿਸਾਨ ਆਉਂਦੇ ਦਿਨਾਂ ਵਿਚ ਡੀ.ਸੀ ਦਫ਼ਤਰ ਅੱਗੇ ਆਲੂ ਸੁੱਟ ਕੇ ਅਪਣਾ ਰੋਸ ਪ੍ਰਦਰਸ਼ਨ ਕਰਨਗੇ।